ਜ਼ੀਰਕਪੁਰ, 13 ਜੂਨ (ਮਨਿੰਦਰ ਸਿੰਘ)-ਨਗਰ ਕੌਂਸਲ ਜ਼ੀਰਕਪੁਰ ਦੇ ਵਾ. ਨੰ. 27 'ਚ ਪੈਂਦੀ ਸਵਾਸਤਿਕ ਵਿਹਾਰ ਕਾਲੋਨੀ ਦੇ ਵਸਨੀਕ ਪਿਛਲੇ 1 ਮਹੀਨੇ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ | ਆਲਮ ਇਹ ਹੈ ਕਿ ਹੁਣ ਬਿਨਾਂ ਬਰਸਾਤਾਂ ਤੋਂ ਹੀ ਕਾਲੋਨੀ ਦੀ ਸੜਕ ਨੇ ਛਪੜ ਦਾ ਰੂਪ ਧਾਰਿਆ ਹੋਇਆ ਹੈ, ਜਿਸ ਕਾਰਨ ਸਥਾਨਕ ਵਸਨੀਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਵਾਸਤਿਕ ਵਿਹਾਰ ਦੀ ਰੈਜ਼ੀਡੈਂਟ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਹੁਲ ਰਾਣਾ, ਸੀਨੀਅਰ ਉਪ ਪ੍ਰਧਾਨ ਵੇਦ ਪ੍ਰਕਾਸ਼ ਗੋਇਲ, ਉਪ ਪ੍ਰਧਾਨ ਆਰ. ਐੱਸ. ਅਹਿਲਾਵਤ, ਜਨਰਲ ਸਕੱਤਰ ਗੁਲਸ਼ਨ ਭਸੀਨ ਤੇ ਖ਼ਜ਼ਾਨਚੀ ਸਚਿਨ ਰਾਣਾ ਤੇ ਹੋਰਨਾਂ ਪਤਵੰਤਿਆਂ ਨੇ ਦੱਸਿਆ ਕਿ ਮ. ਨੰ. 733 ਦੇ ਸਾਹਮਣੇ ਪਿਛਲੇ 1 ਮਹੀਨੇ ਤੋਂ ਸੀਵਰੇਜ ਦਾ ਗੰਦਾ ਪਾਣੀ ਗਲੀ 'ਚ ਭਰਿਆ ਹੋਇਆ ਹੈ | ਇਸ ਸੰਬੰਧੀ ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਨੂੰ ਵਾਰ-ਵਾਰ ਸ਼ਿਕਾਇਤ ਦੇਣ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ | ਸਥਾਨਕ ਵਸਨੀਕਾਂ ਨੇ ਆਪਣੀ ਸ਼ਿਕਾਇਤ 'ਚ ਇਹ ਵੀ ਲਿਖਿਆ ਹੈ ਕਿ ਮ. ਨੰ. 733 ਦੀ ਨਾਜਾਇਜ਼ ਉਸਾਰੀ ਕਾਰਨ ਇਹ ਸੀਵਰੇਜ ਬੰਦ ਹੋ ਗਿਆ ਸੀ ਤੇ ਪਾਣੀ ਭਰਨ ਦੀ ਸਮੱਸਿਆ ਪੈਦਾ ਹੋ ਗਈ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਇਸ ਨਾਜਾਇਜ਼ ਉਸਾਰੀ ਕਾਰਨ ਸਾਰੀ ਸੁਸਾਇਟੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਇਸ ਸਮੱਸਿਆ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਉਣ ਦੀ ਮੰਗ ਕੀਤੀ ਕਿਉਂਕਿ ਹੁਣ ਬਰਸਾਤਾਂ ਦੇ ਦਿਨਾਂ 'ਚ ਹੋਰ ਜ਼ਿਆਦਾ ਪਾਣੀ ਭਰਨ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਪੈਦਾ ਹੋ ਜਾਵੇਗਾ | ਇਸੇ ਦੌਰਾਨ ਜਦੋਂ ਇਸ ਮਸਲੇ ਬਾਬਤ ਵਾਰਡ ਦੇ ਨਵ-ਨਿਯੁਕਤ ਕੌਂਸਲਰ ਨਛੱਤਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਮੱਸਿਆ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਕਈ ਵਾਰ ਫ਼ੋਨ ਕਰ ਚੁੱਕੇ ਹਨ, ਪਰ ਉਹ ਫ਼ੋਨ ਨਹੀਂ ਚੁੱਕ ਰਹੇ | ਇਸ ਤੋਂ ਬਾਅਦ ਜਦੋਂ ਪੱਤਰਕਾਰਾਂ ਵਲੋਂ ਕਾਰਜ ਸਾਧਕ ਅਫ਼ਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵੀ ਉਨ੍ਹਾਂ ਫ਼ੋਨ ਨਹੀਂ ਚੁਕਿਆ |