ਜ਼ੀਰਕਪੁਰ, 13 ਜੂਨ (ਹੈਪੀ ਪੰਡਵਾਲਾ)-ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਸਨਮਾਨ 'ਚ ਅੱਜ 14 ਜੂਨ ਨੂੰ ਜ਼ੀਰਕਪੁਰ ਵਿਖੇ ਭਰਵਾਂ ਸਵਾਗਤ ਸਮਾਗਮ ਕਰਵਾਇਆ ਜਾਵੇਗਾ | ਸਮਾਗਮ ਸ਼ਾਮ ਦੇ 5 ਵਜੇ ਸ਼ੁਰੂ ਹੋਵੇਗਾ ਅਤੇ ਇਸ 'ਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਭਾਜਪਾ ਦੇ ਸੀਨੀਅਰ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਦੇ ਪੁੱਜਣ ਦੀ ਆਸ ਹੈ | ਇਸ ਬਾਬਤ ਭਾਜਪਾ ਦੇ ਸੂਬਾਈ ਸਕੱਤਰ ਅਤੇ ਹਲਕਾ ਡੇਰਾਬੱਸੀ ਦੇ ਇੰਚਾਰਜ ਸੰਜੀਵ ਖੰਨਾ ਨੇ ਦੱਸਿਆ ਕਿ ਕੇਵਲ ਸਿੰਘ ਢਿੱਲੋਂ ਦੀ ਸੂਬਾ ਪ੍ਰਧਾਨ ਵਜੋਂ ਨਿਯੁਕਤੀ ਹੋਣ ਨਾਲ ਪਾਰਟੀ ਵਰਕਰਾਂ 'ਚ ਨਵਾਂ ਜੋਸ਼ ਪੈਦਾ ਹੋਇਆ ਹੈ | ਉਨ੍ਹਾਂ ਕਿਹਾ ਕਿ ਜ਼ੀਰਕਪੁਰ 'ਚ ਹੋਣ ਵਾਲਾ ਇਹ ਸਮਾਗਮ ਸਿਰਫ਼ ਇਕ ਸਵਾਗਤੀ ਸਮਾਗਮ ਨਹੀਂ ਹੋਵੇਗਾ, ਸਗੋਂ ਪਾਰਟੀ ਦੀ ਸੰਗਠਨਾਤਮਕ ਮਜ਼ਬੂਤੀ ਦਾ ਪ੍ਰਗਟਾਵਾ ਵੀ ਕਰੇਗਾ | ਉਨ੍ਹਾਂ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ ਅਤੇ ਵੱਖ-ਵੱਖ ਜ਼ਿਲਿ੍ਹਆਂ ਤੋਂ ਵਰਕਰਾਂ ਦੇ ਪਹੁੰਚਣ ਲਈ ਪ੍ਰਬੰਧ ਕੀਤੇ ਗਏ ਹਨ | ਇਸੇ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਐੱਸ. ਐੱਮ. ਐੱਸ. ਸੰਧੂ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ 'ਚ ਸਰਗਰਮ ਰਹੇ ਹਨ ਅਤੇ ਉਨ੍ਹਾਂ ਦੇ ਤਜ਼ਰਬੇ ਦਾ ਲਾਭ ਪਾਰਟੀ ਨੂੰ ਮਿਲੇਗਾ | ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨਾਲ ਪੰਜਾਬ 'ਚ ਭਾਜਪਾ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ ਅਤੇ ਵਰਕਰਾਂ ਨੂੰ ਵੀ ਨਵੀਂ ਦਿਸ਼ਾ ਮਿਲੇਗੀ | ਪਾਰਟੀ ਆਗੂਆਂ ਅਨੁਸਾਰ ਸਮਾਗਮ 'ਚ ਪੰਜਾਬ ਦੇ ਕਈ ਸੀਨੀਅਰ ਭਾਜਪਾ ਆਗੂਆਂ ਦੇ ਵੀ ਸ਼ਾਮਿਲ ਹੋਣ ਦੀ ਸੰਭਾਵਨਾ ਹੈ | ਸਮਾਗਮ ਨੂੰ ਲੈ ਕੇ ਬਲਟਾਣਾ, ਜ਼ੀਰਕਪੁਰ, ਡੇਰਾਬੱਸੀ ਅਤੇ ਆਸ-ਪਾਸ ਦੇ ਖੇਤਰਾਂ 'ਚ ਪਾਰਟੀ ਵਰਕਰਾਂ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ 'ਚ ਸ਼ਮੂਲੀਅਤ ਕਰ ਸਕਣ |