ਸ਼ਾਮਚੁਰਾਸੀ, 13 ਜੂਨ (ਗੁਰਮੀਤ ਸਿੰਘ ਖ਼ਾਨਪੁਰੀ)-ਨਗਰ ਕੌਂਸਲ ਸ਼ਾਮਚੁਰਾਸੀ ਦੇ 9 ਵਾਰਡਾਂ ਲਈ ਅੱਜ ਹੋਈਆਂ ਚੋਣਾਂ ਭਾਰੀ ਮੀਂਹ ਦੇ ਬਾਵਜੂਦ ਸ਼ਾਂਤੀਪੂਰਨ ਤੇ ਉਤਸ਼ਾਹਪੂਰਵਕ ਮਾਹੌਲ 'ਚ ਸੰਪੰਨ ਹੋ ਗਈਆਂ | ਸਵੇਰ ਤੋਂ ਹੀ ਵੋਟਰਾਂ ਵਿਚ ਵੋਟ ਪਾਉਣ ਲਈ ਖ਼ਾਸਾ ਜੋਸ਼ ਦੇਖਣ ਨੂੰ ਮਿਲਿਆ ਤੇ ਮੌਸਮ ਦੀ ਖ਼ਰਾਬੀ ਵੀ ਲੋਕਾਂ ਨੂੰ ਆਪਣੇ ਲੋਕਤੰਤਰੀ ਹੱਕ ਦੀ ਵਰਤੋਂ ਕਰਨ ਤੋਂ ਰੋਕ ਨਾ ਸਕੀ | ਚੋਣ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਹੋਈ | ਸਵੇਰ ਵੇਲੇ ਠੰਢੀ ਹਵਾ ਤੇ ਕਿਣ-ਮਿਣ ਵਾਲੇ ਮਾਹੌਲ ਕਾਰਨ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਆਮਦ ਹੌਲੀ ਰਹੀ, ਪਰ ਕਰੀਬ 10 ਵਜੇ ਮੌਸਮ ਨੇ ਅਚਾਨਕ ਕਰਵੱਟ ਬਦਲੀ ਤੇ ਤੇਜ਼ ਮੀਂਹ ਸ਼ੁਰੂ ਹੋ ਗਿਆ | ਮੀਂਹ ਦੇ ਬਾਵਜੂਦ ਵੋਟਰ ਛਤਰੀਆਂ ਤੇ ਬਰਸਾਤੀ ਪਹਿਨ ਕੇ ਪੋਲਿੰਗ ਕੇਂਦਰਾਂ 'ਤੇ ਪਹੁੰਚਦੇ ਰਹੇ | ਨੌਜਵਾਨਾਂ, ਮਹਿਲਾਵਾਂ ਤੇ ਬਜ਼ੁਰਗਾਂ ਵਿਚ ਵੋਟਿੰਗ ਲਈ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ | ਚੋਣ ਅਧਿਕਾਰੀਆਂ ਰਿਟਰਨਿੰਗ ਅਫ਼ਸਰ ਤਜਿੰਦਰ ਸਿੰਘ, ਸਹਾਇਕ ਅਫ਼ਸਰ ਹਰਦੀਪ ਸਿੰਘ ਅਤੇ ਇਲੈੱਕਸ਼ਨ ਇੰਚਾਰਜ ਸੁਖਦੇਵ ਸਿੰਘ ਕਾਜਲ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸਵੇਰੇ 10 ਵਜੇ ਤੱਕ 19.54 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ | ਦੁਪਹਿਰ 12 ਵਜੇ ਤੱਕ ਇਹ ਅੰਕੜਾ 32.38 ਫ਼ੀਸਦੀ ਤੱਕ ਪਹੁੰਚ ਗਿਆ, ਦੁਪਹਿਰ 2 ਵਜੇ ਤੱਕ 57.06 ਫ਼ੀਸਦੀ ਜਦਕਿ ਪੋਲਿੰਗ ਸਮਾਪਤੀ ਸਮੇਂ ਤੱਕ ਕੁੱਲ 76.33 ਫੀਸਦੀ ਵੋਟਿੰਗ ਦਰਜ ਕੀਤੀ ਗਈ, ਜੋ ਮੀਂਹ ਵਾਲੇ ਮੌਸਮ ਦੇ ਬਾਵਜੂਦ ਇਕ ਸੰਤੋਸ਼ਜਨਕ ਤੇ ਉਤਸ਼ਾਹਜਨਕ ਅੰਕੜਾ ਮੰਨਿਆ ਜਾ ਰਿਹਾ ਹੈ | ਚੋਣ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਪ੍ਰਸ਼ਾਸਨ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ | ਅਪਾਹਜ ਤੇ ਬਜ਼ੁਰਗ ਵੋਟਰਾਂ ਲਈ ਵੀਲਚੇਅਰਾਂ ਦੀ ਵਿਵਸਥਾ ਕੀਤੀ ਗਈ ਅਤੇ ਸੇਵਾਦਾਰਾਂ ਨੇ ਉਨ੍ਹਾਂ ਨੂੰ ਪੋਲਿੰਗ ਬੂਥਾਂ ਤੱਕ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਮੀਂਹ ਤੋਂ ਬਚਾਅ ਲਈ ਪੋਲਿੰਗ ਕੇਂਦਰਾਂ 'ਤੇ ਛਤਰੀਆਂ ਅਤੇ ਹੋਰ ਲੋੜੀਂਦੇ ਪ੍ਰਬੰਧ ਵੀ ਕੀਤੇ ਗਏ ਸਨ, ਜਿਸ ਕਾਰਨ ਵੋਟਰਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ | ਚੋਣਾਂ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ | ਡੀ. ਐੱਸ. ਪੀ. ਦਿਹਾਤੀ ਨਰਿੰਦਰ ਸਿੰਘ, ਥਾਣਾ ਮੁਖੀ ਬੁੱਲੋ੍ਹਵਾਲ ਪਲਵਿੰਦਰਜੀਤ ਸਿੰਘ ਸਮੇਤ ਸਮੂਹ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਲਗਾਤਾਰ ਹਾਲਾਤਾਂ 'ਤੇ ਨਜ਼ਰ ਰੱਖਦੇ ਰਹੇ | ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਇੰਚਾਰਜ ਨਿਕਾਸ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੋਣਾਂ ਨੂੰ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜਿ੍ਹਆ ਗਿਆ | ਸ਼ਾਮ 4 ਵਜੇ ਪੋਲਿੰਗ ਸਮਾਪਤ ਹੋਣ ਉਪਰੰਤ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ | ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਤੇ ਸਮੁੱਚੀ ਚੋਣ ਅਮਨ-ਅਮਾਨ ਨਾਲ ਸੰਪੰਨ ਹੋਈ |