ਚੰਡੀਗੜ੍ਹ, 14 ਜੂਨ (ਮਾਰਕੰਡਾ)-ਸਟੇਟ ਹੈਲਥ ਸੋਸਾਇਟੀ, ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ.) ਅਤੇ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੀ ਕਾਰਜਕਾਰੀ ਕਮੇਟੀ ਨੇ ਅੱਜ ਸਿਹਤ ਸਕੱਤਰ ਮਨਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਵੱਖ-ਵੱਖ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੇ ਲਾਗੂਕਰਨ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਕੀਤੀ ਗਈ ਜਿਸ ਵਿਚ ਸਿਹਤ ਸਕੱਤਰ ਨੇ ਸਾਰੀਆਂ ਸਿਹਤ ਸਹੂਲਤਾਂ ਨੂੰ ਕਾਗਜ਼ ਰਹਿਤ, ਕੁਸ਼ਲਤਾ ਤੇ ਉਪਭੋਗਤਾ ਅਨੁਭਵ ਨੂੰ ਵਧਾਉਣ ਲਈ ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਆਈ.ਟੀ. ਬੁਨਿਆਦੀ ਢਾਂਚੇ ਵਿਚ ਕਿਸੇ ਵੀ ਪਾੜੇ ਨੂੰ ਪਹਿਲ ਦੇ ਆਧਾਰ 'ਤੇ ਦੂਰ ਕਰਨ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ | ਕਮੇਟੀ ਨੇ ਪਿਛਲੇ ਵਿੱਤੀ ਸਾਲ ਦੌਰਾਨ ਪ੍ਰਮੁੱਖ ਸਿਹਤ ਸੰਭਾਲ ਸੰਸਥਾਵਾਂ, ਜਿਨ੍ਹਾਂ ਵਿਚ ਪੀ.ਜੀ.ਆਈ, ਜੀ.ਐਮ.ਸੀ.ਐਚ-32, ਜੀ.ਐਮ.ਸੀ.ਐਚ-16, ਸੈਕਟਰ 48, ਮਨੀਮਾਜਰਾ, ਯੂ.ਸੀ.ਐਚ.ਸੀ-22, ਯੂ.ਸੀ.ਐਚ.ਸੀ-45 ਤੇ ਈ.ਐਸ.ਆਈ ਹਸਪਤਾਲ ਰਾਮ ਦਰਬਾਰ ਸ਼ਾਮਲ ਹਨ, ਵਿਚ ਕੀਤੇ ਗਏ ਜਣੇਪੇ ਤੇ ਸੀਜ਼ੇਰੀਅਨ ਸੈਕਸ਼ਨਾਂ ਨਾਲ ਸਬੰਧਤ ਡੇਟਾ ਦੀ ਸਮੀਖਿਆ ਕੀਤੀ | ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ ਚੰਡੀਗੜ੍ਹ ਤੋਂ ਬਾਹਰਲੇ ਲਾਭਪਾਤਰੀਆਂ ਦੇ ਡੇਟਾ ਦਾ ਜ਼ਿਲ੍ਹਾ-ਵਾਰ ਤੇ ਰਾਜ/ਕੇਂਦਰ ਸ਼ਾਸਤ ਪ੍ਰਦੇਸ਼-ਵਾਰ ਆਧਾਰ 'ਤੇ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਜੋ ਪ੍ਰਮੁੱਖ ਰੈਫਰਲ ਕੈਚਮੈਂਟ ਖੇਤਰਾਂ ਦੀ ਪਛਾਣ ਕੀਤੀ ਜਾ ਸਕੇ | ਕਮੇਟੀ ਨੇ ਅੱਗੇ ਨਿਰਦੇਸ਼ ਦਿੱਤਾ ਕਿ ਯੋਗ ਸਿਹਤ ਸਹੂਲਤਾਂ ਲਈ ਫਾਇਰ ਸੇਫਟੀ ਐਨ.ਓ.ਸੀ. ਦੀ ਸਥਿਤੀ ਤੇ ਆਈ.ਐਸ.ਓ ਸਰਟੀਫਿਕੇਸ਼ਨ ਪ੍ਰਾਪਤ ਕਰਨ ਦੀ ਸੰਭਾਵਨਾ ਦੀ ਸਮੀਖਿਆ ਕੀਤੀ ਜਾਵੇ ਤੇ 15 ਦਿਨਾਂ ਦੇ ਅੰਦਰ ਜਮ੍ਹਾਂ ਕਰਵਾਈ ਜਾਵੇ | ਰਾਸ਼ਟਰੀ ਟੀ.ਬੀ. ਖਾਤਮਾ ਪ੍ਰੋਗਰਾਮ ਦੀ ਇਕ ਵੱਖਰੀ ਸਮੀਖਿਆ ਵੀ ਕੀਤੀ ਜਾਵੇਗੀ | ਸਿਹਤ ਵਿਭਾਗ ਨੂੰ ਸਕੂਲੀ ਬੱਚਿਆਂ ਦੀ ਸਿਹਤ ਤੇ ਵਿਕਾਸ ਨਾਲ ਸਬੰਧਤ ਵੱਖ-ਵੱਖ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਬਾਰੇ ਇਕ ਜਾਗਰੂਕਤਾ ਵੀਡੀਓ ਤਿਆਰ ਕਰਨ ਲਈ ਵੀ ਕਿਹਾ ਗਿਆ ਸੀ | ਮੀਟਿੰਗ 'ਚ ਸੰਯੁਕਤ ਸਕੱਤਰ ਸਿਹਤ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ-ਕਮ-ਮਿਸ਼ਨ ਡਾਇਰੈਕਟਰ (ਐਨ.ਐਚ.ਐਮ.), ਨੋਡਲ ਅਫਸਰ (ਐਨ.ਐਚ.ਐਮ.), ਆਯੂਸ਼ ਵਿਭਾਗ ਦੇ ਨੁਮਾਇੰਦੇ, ਖੇਤਰੀ ਡਾਇਰੈਕਟਰ (ਐਮ.ਓ.ਐਚ. ਐਫ.ਡਬਲਿਯੂ.) ਅਤੇ ਸਿਹਤ ਵਿਭਾਗ ਦੇ ਪ੍ਰੋਗਰਾਮ ਅਫਸਰ ਸ਼ਾਮਲ ਹੋਏ |