ਚੰਡੀਗੜ੍ਹ, 15 ਜੂਨ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬੀ ਫ਼ਿਲਮ ‘ਇਸ਼ਕਨਾਮਾ’ ਸੰਬੰਧੀ ਦਰਸ਼ਕਾਂ ਦੇ ਇੰਤਜ਼ਾਰ ਦੀ ਘੜੀਆਂ ਨੂੰ ਖ਼ਤਮ ਕਰਦਿਆਂ ਅੱਜ ਫਿਲਮ ਦੀ ਪਹਿਲੀ ਝਲਕ ਜਾਰੀ ਕੀਤੀ ਗਈ। ਝਲਕ ਸਾਹਮਣੇ ਆਉਣ ਤੋਂ ਬਾਅਦ ਦਰਸ਼ਕਾਂ ਵਿਚ ਫ਼ਿਲਮ ਇਸ਼ਕਨਾਮਾ ਪ੍ਰਤੀ ਉਤਸ਼ਾਹ ਹੋਰ ਵੀ ਵੱਧ ਗਿਆ ਹੈ ਅਤੇ ਇਹ ਫ਼ਿਲਮ ਦਰਸ਼ਕਾਂ ਵਿਚ ਖ਼ਾਸ ਚਰਚਾ ਦਾ ਵਿਸ਼ਾ ਬਣ ਗਈ ਹੈ। ਫ਼ਿਲਮ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਪਹਿਲੀ ਵਾਰ ਅਦਾਕਾਰ ਜੈ ਰੰਧਾਵਾ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਜੋੜੀ ਵੱਡੇ ਪਰਦੇ ’ਤੇ ਇਕੱਠੇ ਨਜ਼ਰ ਆਵੇਗੀ। ਸੋਮਵਾਰ ਨੂੰ ਚੰਡੀਗੜ੍ਹ ਦੇ ਇਕ ਪ੍ਰਸਿੱਧ ਹੋਟਲ ਵਿਚ ਕਰਵਾਏ ਗਏ ਸ਼ਾਨਦਾਰ ਸਮਾਗਮ ਦੌਰਾਨ ਅਦਾਕਾਰ ਜੈ ਰੰਧਾਵਾ, ਅਦਾਕਾਰਾ ਸ਼ਹਿਨਾਜ਼ ਗਿੱਲ, ਸੌਰਭ ਸਚਦੇਵਾ, ਅੰਜੁਮ ਬੱਤਰਾ, ਨਿਰਮਲ ਨਿੰਮਾ, ਧੀਰਜ ਰੱਤਨ ਅਤੇ ਫ਼ਿਲਮ ਨਿਰਮਾਤਾ ਅਰਵਿੰਦਰ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਕਸ਼ਨ, ਪ੍ਰੇਮ ਅਤੇ ਜਜ਼ਬਾਤਾਂ ਨਾਲ ਭਰਪੂਰ ਇਸ਼ਕਨਾਮਾ ਦੀ ਕਹਾਣੀ ਸੱਚੇ ਪਿਆਰ ਅਤੇ ਅਸਲ ਘਟਨਾਵਾਂ ਤੋਂ ਪ੍ਰੇਰਿਤ ਹੈ। ਪੰਜਾਬ ਦੇ ਪਿੰਡੇ ’ਤੇ ਬੀਤੇ ਕਾਲ਼ੇ ਦੌਰ ਸਮੇਂ ਪ੍ਰਵਾਨ ਚੜ੍ਹੇ ਚੜ੍ਹਦੇ ਪੰਜਾਬ ਦੇ ਨਿਰਮਲ ਸਿੰਘ ਨਿੰਮਾ ਅਤੇ ਲਹਿੰਦੇ ਪੰਜਾਬ ਦੀ ਨਾਜ਼ਿਮਾ ਦੇ ਸੱਚੇ ਇਸ਼ਕ ਨੂੰ ਇਸ਼ਕਨਾਮਾ ਵਿਚ ਪਰੋਇਆ ਗਿਆ ਹੈ। ਜਿਸ ਨੂੰ ਧੀਰਜ ਰਤਨ ਨੇ ਸਕਰੀਨ ਦਾ ਰੂਪ ਦਿੱਤਾ ਹੈ। ਫ਼ਿਲਮ ਵਿਚ ਅਦਾਕਾਰ ਜੈ ਰੰਧਾਵਾ ‘ਨਿੰਮਾ’ ਅਤੇ ਸ਼ਹਿਨਾਜ਼ ਗਿੱਲ ‘ਨਾਜ਼ਿਮਾ’ ਦੇ ਕਿਰਦਾਰ ਵਿਚ ਨਜ਼ਰ ਆਉਣਗੇ। ਆਪਣੇ ਕਿਰਦਾਰ ਨੂੰ ਪੂਰੀ ਤਰ੍ਹਾਂ ਜੀਵੰਤ ਬਣਾਉਣ ਲਈ ਜੈ ਰੰਧਾਵਾ ਨੇ ਖ਼ਾਸ ਸਰੀਰਕ ਬਦਲਾਅ ਅਤੇ ਸਖ਼ਤ ਅਭਿਆਸ ਕੀਤਾ ਹੈ। ਫਿਲਮ ਨਿਰਮਾਣ ਦੇ ਸ਼ੁਰੂਆਤੀ ਪੜਾਅ ਤੋਂ ਹੀ ਇਹ ਫ਼ਿਲਮ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਰਹੀ ਹੈ।ਫ਼ਿਲਮ ਦੇ ਇਕ ਖ਼ਤਰਨਾਕ ਦ੍ਰਿਸ਼ ਦੀ ਸ਼ੂਟਿੰਗ ਦੌਰਾਨ ਜੈ ਰੰਧਾਵਾ ਇਕ ਹਾਦਸੇ ਦਾ ਸ਼ਿਕਾਰ ਵੀ ਹੋਏ ਸਨ, ਜੋ ਉਨ੍ਹਾਂ ਦੇ ਕੰਮ ਪ੍ਰਤੀ ਸਮਰਪਣ ਅਤੇ ਜਨੂੰਨ ਨੂੰ ਦਰਸਾਉਂਦਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ। ਸਾਲ 2025 ਵਿਚ ਰਿਲੀਜ਼ ਹੋਈ ਫ਼ਿਲਮ ‘ਬਦਨਾਮ’ ਤੋਂ ਬਾਅਦ ਇਹ ਸਾਲ 2026 ਵਿਚ ਜੈ ਰੰਧਾਵਾ ਦੀ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ।ਵਿਸ਼ਾਲ ਪੱਧਰ ਅਤੇ ਭਵਿਆ ਪੇਸ਼ਕਾਰੀ ਹੇਠ ਤਿਆਰ ਕੀਤੀ ਗਈ ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਰਾਜਸਥਾਨ ਦੀਆਂ ਕਈ ਖ਼ੂਬਸੂਰਤ ਥਾਵਾਂ ’ਤੇ ਵੀ ਕੀਤੀ ਗਈ ਹੈ। 24 ਜੁਲਾਈ ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਣ ਜਾ ਰਹੀ ‘ਇਸ਼ਕਨਾਮਾ’ ਦੀ ਝਲਕ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਨੂੰ ਵੇਖਦਿਆਂ ਦਰਸ਼ਕਾਂ ਅਤੇ ਫ਼ਿਲਮ ਜਗਤ ਨੂੰ ਇਸ ਤੋਂ ਕਾਫ਼ੀ ਉਮੀਦਾਂ ਹਨ। ਪ੍ਰੇਮ, ਸੰਗੀਤ ਅਤੇ ਦਮਦਾਰ ਐਕਸ਼ਨ ਦਾ ਸੁਮੇਲ ਪੇਸ਼ ਕਰਦੀ ਇਹ ਫ਼ਿਲਮ ਪੰਜਾਬੀ ਸਿਨੇਮਾ ਦੇ ਦਰਸ਼ਕਾਂ ਲਈ ਇੱਕ ਯਾਦਗਾਰ ਸਿਨੇਮਾਈ ਅਨੁਭਵ ਸਾਬਤ ਹੋ ਸਕਦੀ ਹੈ।