ਮਾਜਰੀ, 15 ਜੂਨ (ਕੁਲਵੰਤ ਸਿੰਘ ਧੀਮਾਨ)-ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਗੁਰਦੁਆਰਾ ਧੰਨਾ ਭਗਤ ਬੜੌਦੀ ਵਿਖੇ ਸ਼ਰਧਾ ਅਤੇ ਭਾਵਨਾ ਨਾਲ ਸੰਪੰਨ ਹੋਇਆ। ਇਹ ਸਮਾਗਮ ਗੁਰਜੋਤ ਪ੍ਰਕਾਸ਼ ਸੇਵਾ ਸਿਮਰਨ ਸੁਸਾਇਟੀ (ਰਜਿ.) ਕੁਰਾਲੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਪ੍ਰਸਿੱਧ ਗੁਰਮਤਿ ਪ੍ਰਚਾਰਕ ਭਾਈ ਤਜਿੰਦਰ ਸਿੰਘ ਖਰੜ ਵਾਲਿਆਂ ਨੇ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਜੀਵਨ, ਉੱਚੇ ਆਦਰਸ਼ਾਂ ਅਤੇ ਮਹਾਨ ਸ਼ਹਾਦਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚੱਲਣ ਅਤੇ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਣਾ ਵੀ ਦਿੱਤੀ। ਭਾਈ ਤਜਿੰਦਰ ਸਿੰਘ ਨੇ ਦੱਸਿਆ ਕਿ 12 ਜੂਨ ਤੋਂ 14 ਜੂਨ ਤੱਕ ਚੱਲੇ ਇਸ ਗੁਰਮਤਿ ਸਮਾਗਮ ਦੌਰਾਨ ਹਰ ਰੋਜ਼ ਸਵੇਰੇ 4 ਵਜੇ ਤੋਂ ਗੁਰਮੰਤਰ ਅਭਿਆਸ, ਨਿਤਨੇਮ, ਅਕੱਥ ਕਥਾ ਅਤੇ ਨਾਮ ਸਿਮਰਨ ਕਰਵਾਇਆ ਗਿਆ। ਇਸੇ ਤਰ੍ਹਾਂ ਸ਼ਾਮ ਸਮੇਂ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਲਗਾਤਾਰ ਗੁਰਬਾਣੀ ਕੀਰਤਨ ਅਤੇ ਅਕੱਥ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਉਕਤ ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਇਸ ਮੌਕੇ ਆਈਆਂ ਸੰਗਤਾਂ ਲਈ ਗੁਰੂ ਘਰ ਦੇ ਅਤੁੱਟ ਲੰਗਰ ਵੀ ਵਰਤਾਏ ਗਏ। ਸਮਾਗਮ ਦੇ ਸਮਾਪਤੀ ਸਮੇਂ ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਅਤੇ ਗੁਰਮਤਿ ਜੀਵਨ ਅਪਣਾਉਣ ਦਾ ਸੱਦਾ ਦਿੱਤਾ ਗਿਆ।