ਪੰਚਕੂਲਾ, 15 ਜੂਨ (ਕਪਿਲ)-ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਦੀ ਮੌਜੂਦਗੀ ’ਚ ਸੋਮਵਾਰ ਨੂੰ ਊਸ਼ਾ ਪ੍ਰਿਯਦਰਸ਼ੀ ਨੇ ਸਥਾਨਕ ਸੈਕਟਰ-2 ਸਥਿਤ ਕਮਿਸ਼ਨ ਦੇ ਦਫ਼ਤਰ ਵਿਖੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਜੋਂ ਕਾਰਜਭਾਰ ਸੰਭਾਲਿਆ। ਇਸ ਮੌਕੇ ਕਮਿਸ਼ਨ ਦੀ ਉਪ ਚੇਅਰਪਰਸਨ ਮੀਨਾ ਪਰਮਾਰ ਅਤੇ ਮੈਂਬਰਾਂ ਵਜੋਂ ਭਾਰਤੀ ਸੈਣੀ, ਸੁਨੀਤਾ ਲੋਹਚਾਬ, ਸੁਮਨ ਸ਼ਹਜਾਦਵਾਲਾ, ਡਾ. ਅਨੁਕੰਪਾ ਗਰਗ ਅਤੇ ਸੁਨੀਤਾ ਚੌਹਾਨ ਨੇ ਵੀ ਆਪਣੇ ਅਹੁਦਿਆਂ ਦਾ ਕਾਰਜਭਾਰ ਸੰਭਾਲਿਆ। ਇਸ ਮੌਕੇ ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕਮਿਸ਼ਨ ਦੀ ਚੇਅਰਪਰਸਨ, ਉਪ ਚੇਅਰਪਰਸਨ ਅਤੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਹ ਮਹਿਲਾ ਸਸ਼ਕਤੀਕਰਨ ਨੂੰ ਮਜ਼ਬੂਤ ਕਰਨ ਤੇ ਰਾਜ ਸਰਕਾਰ ਵਲੋਂ ਮਹਿਲਾਵਾਂ ਦੇ ਬਿਹਤਰੀ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਹਰ ਯੋਗ ਮਹਿਲਾ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣਗੇ। ਉਕਤ ਸਮਾਗਮ ’ਚ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ, ਸਾਬਕਾ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ, ਰਾਜ ਸਭਾ ਮੈਂਬਰ ਰੇਖਾ ਸ਼ਰਮਾ, ਕਾਲਕਾ ਦੀ ਵਿਧਾਇਕਾ ਸ਼ਕਤੀ ਰਾਣੀ ਸ਼ਰਮਾ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ, ਭਾਜਪਾ ਸੂਬਾ ਉਪ ਪ੍ਰਧਾਨ ਬੰਤੋ ਕਟਾਰੀਆ, ਜ਼ਿਲ੍ਹਾ ਪ੍ਰਧਾਨ ਅਜੈ ਮਿੱਤਲ, ਕਮਿਸ਼ਨ ਮੈਂਬਰ ਸਕੱਤਰ ਮੋਨਿਕਾ ਮਲਿਕ ਅਤੇ ਮੁੱਖ ਮੰਤਰੀ ਦੇ ਸਾਬਕਾ ਓ. ਐਸ. ਡੀ. ਜਵਾਹਰ ਯਾਦਵ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਨਵ-ਨਿਯੁਕਤ ਚੇਅਰਪਰਸਨ, ਉਪ ਚੇਅਰਪਰਸਨ ਅਤੇ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਨਵ ਨਿਯੁਕਤ ਚੇਅਰਪਰਸਨ ਊਸ਼ਾ ਪ੍ਰਿਯਦਰਸ਼ੀ ਨੇ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਨਿਸ਼ਠਾ, ਇਮਾਨਦਾਰੀ ਤੇ ਸਮਰਪਣ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਅਤੇ ਕਮਿਸ਼ਨ ਕੋਲ ਆਉਣ ਵਾਲੀ ਹਰ ਮਹਿਲਾ ਦੀ ਸਮੱਸਿਆ ਦੇ ਹੱਲ ਲਈ ਪ੍ਰਭਾਵਸ਼ਾਲੀ ਯਤਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਸਮੇਂ-ਸਮੇਂ ’ਤੇ ਸਿਖਲਾਈ ਕੇਂਦਰਾਂ, ਸਕੂਲਾਂ, ਕਾਲਜਾਂ, ਹੋਰ ਸਿੱਖਿਆ ਸੰਸਥਾਵਾਂ, ਕਾਰਜ ਸਥਲਾਂ ਅਤੇ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਨਾਲ ਸੰਵਾਦ ਸਥਾਪਿਤ ਕਰੇਗਾ। ਇਸ ਰਾਹੀਂ ਉਨ੍ਹਾਂ ਨੂੰ ਮਹਿਲਾਵਾਂ ਦੇ ਅਧਿਕਾਰਾਂ, ਸੁਰੱਖਿਆ ਅਤੇ ਭਲਾਈ ਨਾਲ ਸੰਬੰਧਿਤ ਵੱਖ-ਵੱਖ ਕਾਨੂੰਨਾ ਅਤੇ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।