ਜ਼ੀਰਕਪੁਰ, 15 ਜੂਨ (ਮਨਿੰਦਰ ਸਿੰਘ)-ਸ਼ੁੱਕਰਵਾਰ ਦੁਪਹਿਰ ਇਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਵਿੰਦਰ ਪਾਲ ਸ਼ਰਮਾ ਮੂਲ ਵਾਸੀ ਫ਼ਿਰੋਜ਼ਪੁਰ ਤੇ ਹਾਲ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਜ਼ੀਰਕਪੁਰ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਹਰਿਆਣਾ ਨੰਬਰ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 281, 106 ਅਤੇ 324 (4) ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਸੁਰਿੰਦਰ ਕੁਮਾਰ ਪੁੱਤਰ ਸਤਪਾਲ ਸ਼ਰਮਾ ਵਾਸੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਕਮਾਂਡੋ ‘ਚ ਏ. ਐੱਸ. ਆਈ. ਲੱਗਿਆ ਹੋਇਆ ਹੈ। ਉਸ ਦਾ ਛੋਟਾ ਭਰਾ ਬਲਵਿੰਦਰ ਪਾਲ ਸ਼ਰਮਾ ਜ਼ੀਰਕਪੁਰ ਵਿਖੇ ਰਹਿੰਦਾ ਹੈ। 12 ਜੂਨ ਨੂੰ ਉਨ੍ਹਾਂ ਦੀ ਮਾਸੀ ਦੀ ਮੌਤ ਹੋ ਗਈ ਸੀ ਅਤੇ ਪਿੰਡ ਜਾਣ ਲਈ ਉਹ ਆਪਣੇ ਭਰਾ ਕੋਲ ਜ਼ੀਰਕਪੁਰ ਆ ਗਿਆ ਸੀ। ਇਥੇ ਹੀ ਸਾਡੇ ਮਾਮੇ ਦਾ ਮੁੰਡਾ ਵਿਸ਼ਾਲ ਸ਼ਰਮਾ ਵੀ ਆਪਣੀ ਸਕਾਰਪੀਓ ਗੱਡੀ ਲੈ ਕੇ ਆ ਗਿਆ। ਬਲਵਿੰਦਰ ਪਾਲ ਸ਼ਰਮਾ ਕੈਬ ਚਲਾਉਣ ਦਾ ਕੰਮ ਕਰਦਾ ਸੀ। ਸ਼ਿਕਾਇਤ ‘ਚ ਦੱਸਿਆ ਗਿਆ ਕਿ ਸੁਰਿੰਦਰ ਸ਼ਰਮਾ ਤੇ ਵਿਸ਼ਾਲ ਸ਼ਰਮਾ ਗੱਡੀ ‘ਚ ਬੈਠ ਗਏ, ਜਦਕਿ ਬਲਵਿੰਦਰ ਪਾਲ ਸ਼ਰਮਾ ਆਪਣਾ ਸਪਲੈਂਡਰ ਮੋਟਰਸਾਈਕਲ ਲੈ ਕੇ ਕਮਾਂਡੋ ਕੰਪਲੈਕਸ ਵੱਲ ਚੱਲ ਪਿਆ, ਜਿਥੇ ਉਸ ਨੇ ਮੋਟਰਸਾਈਕਲ ਖੜ੍ਹਾ ਕਰਨਾ ਸੀ ਅਤੇ ਅੱਗਿਓਂ ਇਕੱਠੇ ਗੱਡੀ ‘ਚ ਫ਼ਿਰੋਜ਼ਪੁਰ ਜਾਣਾ ਸੀ। ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਐਰੋਸਿਟੀ ਆਈ ਬਲਾਕ ਦੀਆਂ ਲਾਈਟਾਂ ਤੋਂ ਥੋੜ੍ਹਾ ਅੱਗੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇਕ ਹਰਿਆਣਾ ਨੰਬਰ ਦੀ ਮਾਰੂਤੀ ਬਲੀਨੋ ਕਾਰ, ਜਿਸ ਨੂੰ ਉਸ ਦਾ ਚਾਲਕ ਤੇਜ਼ ਰਫ਼ਤਾਰੀ ਤੇ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ, ਨੇ ਸਾਡੀ ਗੱਡੀ ਤੋਂ ਅੱਗੇ ਲੰਘ ਕੇ ਮੇਰੇ ਭਰਾ ਦੇ ਮੋਟਰਸਾਈਕਲ ‘ਚ ਸਿੱਧੀ ਟੱਕਰ ਮਾਰ ਦਿੱਤੀ। ਇਸ ਕਾਰਨ ਬਲਵਿੰਦਰ ਪਾਲ ਸ਼ਰਮਾ ਸੜਕ ‘ਤੇ ਡਿੱਗ ਗਿਆ ਅਤੇ ਉਸ ਦੇ ਸਿਰ ‘ਚ ਸੱਟ ਲੱਗਣ ਕਾਰਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਇਸ ਹਾਦਸੇ ‘ਚ ਉਸ ਦਾ ਮੋਟਰਸਾਈਕਲ ਵੀ ਨੁਕਸਾਨਿਆ ਗਿਆ। ਹਾਦਸੇ ਦੌਰਾਨ ਮੌਕੇ ‘ਤੇ ਪੀ. ਸੀ. ਆਰ. ਦੀ ਗੱਡੀ ਵੀ ਪਹੁੰਚ ਗਈ, ਜਿਸ ‘ਚ ਅਸੀਂ ਬਲਵਿੰਦਰ ਪਾਲ ਸ਼ਰਮਾ ਨੂੰ ਪਾ ਕੇ ਜੀ. ਐੱਮ. ਸੀ. ਐੱਚ. ਸੈਕਟਰ-32 ਚੰਡੀਗੜ੍ਹ ਵਿਖੇ ਲੈ ਗਏ, ਜਿਥੇ ਡਾਕਟਰਾਂ ਨੇ ਜਾਂਚ ਉਪਰੰਤ ਬਲਵਿੰਦਰ ਪਾਲ ਸ਼ਰਮਾ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਅਸੀਂ ਜ਼ੀਰਕਪੁਰ ਪੁਲਿਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ।