ਚੰਡੀਗੜ੍ਹ, 21 ਜੂਨ (ਸੰਦੀਪ ਕੁਮਾਰ ਮਾਹਨਾ)–ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵਲੋਂ ਐਤਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿਚ ਨੀਟ-ਯੂ.ਜੀ. ਦੀ ਮੁੜ ਪ੍ਰੀਖਿਆ ਕੜੇ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਗਈ। ਚੰਡੀਗੜ੍ਹ ਦੇ 7 ਪ੍ਰੀਖਿਆ ਕੇਂਦਰਾਂ ਵਿਚ ਕਰੀਬ 3800 ਅਤੇ ਪੰਜਾਬ ਦੇ 16 ਜ਼ਿਲਿਆਂ ਦੇ 175 ਪ੍ਰੀਖਿਆ ਕੇਂਦਰਾਂ ਵਿਚ ਲਗਭਗ 26 ਹਜ਼ਾਰ ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਹਿੱਸਾ ਲਿਆ। ਪ੍ਰੀਖਿਆ ਕੇਂਦਰਾਂ ’ਤੇ ਬਹੁ-ਪੱਧਰੀ ਜਾਂਚ, ਬਾਇਓਮੈਟ੍ਰਿਕ ਤਸਦੀਕ ਅਤੇ ਪੁਲਿਸ-ਸੀ.ਆਰ.ਪੀ.ਐਫ. ਦੀ ਨਿਗਰਾਨੀ ਵਿਚਕਾਰ ਪ੍ਰੀਖਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ। ਪ੍ਰੀਖਿਆ ਤੋਂ ਬਾਅਦ ਵਿਦਿਆਰਥੀਆਂ ਦੀਆਂ ਪ੍ਰਤੀਕਿਰਿਆਵਾਂ ਵੱਖ-ਵੱਖ ਰਹੀਆਂ। ਕੁਝ ਵਿਦਿਆਰਥੀਆਂ ਨੇ ਪ੍ਰਸ਼ਨ ਪੱਤਰ ਨੂੰ ਆਸਾਨ ਦੱਸਿਆ, ਜਦਕਿ ਕਈਆਂ ਦਾ ਕਹਿਣਾ ਸੀ ਕਿ ਫਿਜ਼ਿਕਸ ਦਾ ਭਾਗ ਲੰਮਾ ਅਤੇ ਸਮਾਂ ਖਪਾਉਣ ਵਾਲਾ ਸੀ, ਜਿਸ ਕਾਰਨ ਪੂਰਾ ਪੇਪਰ ਹੱਲ ਕਰਨ ਵਿਚ ਚੁਣੌਤੀ ਦਾ ਸਾਹਮਣਾ ਕਰਨਾ ਪਿਆ।ਕੁੱਝ ਵਿਦਿਆਰਥੀਆਂ ਨੇ ਦੱਸਿਆ ਕਿ ਪਹਿਲਾਂ ਹੋਈ ਪ੍ਰੀਖਿਆ ਦੇ ਮੁਕਾਬਲੇ ਇਸ ਵਾਰ ਦਾ ਪੇਪਰ ਕੁਝ ਔਖਾ ਰਿਹਾ। ਫਿਜ਼ਿਕਸ ਦੇ ਸਵਾਲ ਕਾਫ਼ੀ ਲੰਬੇ ਸਨ ਅਤੇ ਉਨ੍ਹਾਂ ਨੂੰ ਹੱਲ ਕਰਨ ਵਿਚ ਉਮੀਦ ਨਾਲੋਂ ਵੱਧ ਸਮਾਂ ਲੱਗਿਆ। ਇਸ ਕਾਰਨ ਹੋਰ ਵਿਸ਼ਿਆਂ ਲਈ ਸਮਾਂ ਪ੍ਰਬੰਧਨ ਪ੍ਰਭਾਵਿਤ ਹੋਇਆ। ਬਾਇਓਲੋਜੀ ਅਤੇ ਕੈਮਿਸਟਰੀ ਦੇ ਸਵਾਲ ਮੁਕਾਬਲਤਨ ਸੌਖੇ ਸਨ, ਜਦਕਿ ਫਿਜ਼ਿਕਸ ਨੇ ਉਨ੍ਹਾਂ ਦੀ ਸਭ ਤੋਂ ਵੱਧ ਪਰਖ ਕੀਤੀ। ਕੁਝ ਵਿਦਿਆਰਥੀਆਂ ਨੇ ਕਿਹਾ ਕਿ ਪੇਪਰ ਦਾ ਪੱਧਰ ਦਰਮਿਆਨੇ ਤੋਂ ਔਖੇ ਪੱਧਰ ਦਾ ਸੀ, ਜਦਕਿ ਕੁਝ ਹੋਰਨਾਂ ਨੇ ਇਸ ਨੂੰ ਤਿਆਰੀ ਦੇ ਅਨੁਸਾਰ ਹੱਲ ਕਰਨ ਯੋਗ ਦੱਸਿਆ।ਨੀਟ ਦੀ ਮੁੜ ਲਈ ਗਈ ਪ੍ਰੀਖਿਆ ਨੂੰ ਪਾਰਦਰਸ਼ੀ ਅਤੇ ਨਕਲ ਰਹਿਤ ਬਣਾਉਣ ਲਈ ਐਨ.ਟੀ.ਏ. ਵਲੋਂ ਇਸ ਵਾਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਪੰਜਾਬ ਦੇ 16 ਜ਼ਿਲਿਆਂ ਵਿਚ 175 ਅਤੇ ਚੰਡੀਗੜ੍ਹ ਵਿਚ 7 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਸਨ। ਪ੍ਰੀਖਿਆ ਕੇਂਦਰਾਂ ’ਚ ਦਾਖ਼ਲੇ ਤੋਂ ਪਹਿਲਾਂ ਉਮੀਦਵਾਰਾਂ ਦੀ ਕਈ ਪੜਾਵਾਂ ’ਚ ਜਾਂਚ ਕੀਤੀ ਗਈ। ਮਹਿਲਾ ਉਮੀਦਵਾਰਾਂ ਦੇ ਜੂੜੇ ਤੱਕ ਖੁਲ੍ਹਵਾ ਕੇ ਚੈੱਕ ਕੀਤੇ ਗਏ ਅਤੇ ਇਸ ਤੋਂ ਬਾਅਦ ਬਾਇਓਮੈਟ੍ਰਿਕ ਤਸਦੀਕ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਕਿਸੇ ਵੀ ਤਰਾਂ ਦੀ ਗੜਬੜ ਨੂੰ ਰੋਕਿਆ ਜਾ ਸਕੇ।ਇਸ ਵਾਰ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੇ ਨਾਲ-ਨਾਲ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਵੀ ਸੌਂਪੀ ਗਈ ਸੀ। ਪ੍ਰੀਖਿਆ ਸਮੱਗਰੀ ਨੂੰ ਕਸਟੋਡੀਅਨ ਬੈਂਕਾਂ ਤੋਂ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਵਾਹਨਾਂ ਦੀ ਵਿਵਸਥਾ ਕੀਤੀ ਗਈ ਸੀ, ਜਿਨ੍ਹਾਂ ਨੂੰ ਪੁਲਿਸ ਅਤੇ ਸੀ.ਆਰ.ਪੀ.ਐਫ. ਦੇ ਸੁਰੱਖਿਆ ਕਰਮਚਾਰੀਆਂ ਵਲੋਂ ਐਸਕੋਰਟ ਕੀਤਾ ਗਿਆ। ਪ੍ਰੀਖਿਆ ਸਮੱਗਰੀ ਦੀ ਢੋਆ-ਢੁਆਈ ਤੋਂ ਲੈ ਕੇ ਪ੍ਰੀਖਿਆ ਸਮਾਪਤੀ ਤੱਕ ਪੂਰੀ ਪ੍ਰਕਿਰਿਆ ਉੱਚ ਪੱਧਰੀ ਨਿਗਰਾਨੀ ਹੇਠ ਰੱਖੀ ਗਈ।ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਵਿਚ ਕਿਸੇ ਤਰਾਂ ਦੀ ਦਿੱਕਤ ਨਾ ਆਵੇ, ਇਸ ਲਈ ਪੰਜਾਬ ਸਰਕਾਰ ਅਤੇ ਰੇਲਵੇ ਵਿਭਾਗ ਵਲੋਂ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਪੰਜਾਬ ਸਰਕਾਰ ਨੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਸਰਕਾਰੀ ਬੱਸਾਂ ਵਿਚ ਨੀਟ ਪ੍ਰੀਖਿਆਰਥੀਆਂ ਅਤੇ ਉਨ੍ਹਾਂ ਦੇ ਇਕ ਸਾਥੀ ਲਈ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ। ਵਿਦਿਆਰਥੀਆਂ ਨੂੰ ਸਿਰਫ਼ ਆਪਣਾ ਐਡਮਿਟ ਕਾਰਡ ਅਤੇ ਪਛਾਣ ਪੱਤਰ ਦਿਖਾਉਣਾ ਲਾਜ਼ਮੀ ਸੀ। ਇਸ ਤੋਂ ਇਲਾਵਾ ਰੇਲਵੇ ਵਲੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਚੰਡੀਗੜ੍ਹ, ਲੁਧਿਆਣਾ ਅਤੇ ਹੋਰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਲਈ ਚਾਰ ਵਿਸ਼ੇਸ਼ ਰੇਲਗੱਡੀਆਂ ਵੀ ਚਲਾਈਆਂ ਗਈਆਂ, ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੱਡੀ ਰਾਹਤ ਮਿਲੀ।ਨੀਟ ਦੀ ਪ੍ਰੀਖਿਆ ਕਾਰਨ ਕੇਂਦਰਾਂ ਦੇ ਬਾਹਰ ਮਾਪਿਆਂ ਦੀ ਵੀ ਭਾਰੀ ਭੀੜ ਦੇਖਣ ਨੂੰ ਮਿਲੀ। ਕਈ ਮਾਪੇ ਆਪਣੇ ਬੱਚਿਆਂ ਦੇ ਪੇਪਰ ਖ਼ਤਮ ਹੋਣ ਤੱਕ ਕੇਂਦਰਾਂ ਦੇ ਬਾਹਰ ਉਡੀਕ ਕਰਦੇ ਰਹੇ ਅਤੇ ਪ੍ਰੀਖਿਆ ਤੋਂ ਬਾਅਦ ਉਨ੍ਹਾਂ ਦੇ ਤਜ਼ਰਬੇ ਵੀ ਜਾਣਦੇ ਰਹੇ। ਕੁੱਲ ਮਿਲਾ ਕੇ ਪ੍ਰੀਖਿਆ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਸ਼ਾਂਤੀਪੂਰਵਕ ਨੇਪਰੇ ਚੜ ਗਈ ਅਤੇ ਪ੍ਰਸ਼ਾਸਨ ਵਲੋਂ ਕੀਤੇ ਗਏ ਪ੍ਰਬੰਧਾਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਮਾਪਿਆਂ ਨੇ ਸੰਤੁਸ਼ਟੀ ਪ੍ਰਗਟਾਈ।
ਪੰਜਾਬ-ਚੰਡੀਗੜ੍ਹ ’ਚ ਨੀਟ ਮੁੜ ਪ੍ਰੀਖਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ
ਅਜੀਤ ਡੈਸਕ
22-06-2026