ਚੰਡੀਗੜ੍ਹ, 30 ਜੂਨ (ਸੁਖਵਿੰਦਰ ਸਿੰਘ ਸ਼ਾਨ) ਸਖ਼ਤ ਗਰਮੀ ਦੀ ਮਾਰ ਝੱਲ ਰਹੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਾਸੀਆਂ ਨੂੰ ਜਲਦੀ ਹੀ ਰਾਹਤ ਦੀਆਂ ਬੂੰਦਾਂ ਨਸੀਬ ਹੋਣਗੀਆਂ। ਦੱਖਣੀ ਪੱਛਮੀ ਮਾਨਸੂਨ ਅਗਲੇ 3, 4 ਦਿਨਾਂ ਵਿਚ ਸਰਗਰਮ ਹੋ ਜਾਵੇਗਾ, ਜਿਸ ਕਾਰਨ 2 ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਮੀਂਹ ਪੈਣ ਦੀ ਪ੍ਰਬਲ ਸੰਭਾਵਨਾ ਬਣ ਗਈ ਹੈ। ਅੱਜ ਪੰਜਾਬ ਅਤੇ ਚੰਡੀਗੜ੍ਹ ਵਿਚ ਦਿਨ ਵੇਲੇ ਬੱਦਲਵਾਈ ਛਾਈ ਰਹਿਣ ਦੇ ਬਾਵਜੂਦ ਸਖ਼ਤ ਗਰਮੀ ਅਤੇ ਹੂਮਸ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਦੱਖਣ ਪੱਛਮੀ ਮਾਨਸੂਨ ਅਗੇਤਾ ਹੀ ਮੱਧ ਪ੍ਰਦੇਸ਼ ਸਮੇਤ ਮੱਧ ਭਾਰਤੀ ਰਾਜਾਂ ਪਾਰ ਕਰਕੇ ਹਿਮਾਚਲ ਪ੍ਰਦੇਸ਼ ਅਤੇ ਲੇਹ ਲਦਾਖ ਤੱਕ ਅੱਜ ਪਹੁੰਚ ਜਾਵੇਗਾ। ਮਾਨਸੂਨ ਦੇ ਉਤਰ ਪਹਾੜੀ ਖੇਤਰ ਵਿਚ ਸਰਗਰਮ ਹੋਣ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 2 ਤੋਂ 6 ਜੁਲਾਈ ਤੱਕ ਮੀਂਹ ਪੈ ਸਕਦਾ ਹੈ। ਅਨੁਮਾਨ ਹੈ ਕਿ 2 ਅਤੇ 3 ਜੁਲਾਈ ਨੂੰ ਸਮੁੱਚੇ ਪੰਜਾਬ ਵਿਚ ਹਲਕੇ ਤੋਂ ਭਾਰੀ ਮੀਂਹ ਪਵੇਗਾ। ਸੂਬੇ ਦੇ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਭਾਰੀ ਮੀਂਹ, ਜਦੋਂ ਕਿ ਪਟਿਆਲਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ, ਕਪੂਰਥਲਾ ਅਤੇ ਗੁਰਦਾਸਪੁਰ ਵਿਚ ਦਰਮਿਆਨਾ ਅਤੇ ਹੋਰਨਾਂ ਜ਼ਿਲ੍ਹਿਆਂ ਵਿਚ ਹਲਕਾ ਮੀਂਹ ਪਵੇਗਾ। ਪੰਜਾਬ ਵਿਚ ਅੱਜ ਵੱਖ ਵੱਖ ਥਾਵਾਂ ’ਤੇ ਬੱਦਲ ਛਾਏ ਰਹਿਣ ਦੇ ਬਾਵਜੂਦ ਗਰਮੀ ਦਾ ਕਹਿਰ ਜਾਰੀ ਰਿਹਾ। ਦਿਨ ਦਾ ਤਾਪਮਾਨ 43.8 ਡਿਗਰੀ ਸੈਲਸੀਅਸ ਫਰੀਦਕੋਟ ਵਿਚ ਦਰਜ ਕੀਤਾ ਗਿਆ, ਜਦੋਂ ਕਿ ਹੋਰਨਾਂ ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ ਬਠਿੰਡਾ ’ਚ 43.2 ਡਿਗਰੀ ਸੈਲਸੀਅਸ, ਫ਼ਾਜ਼ਿਲਕਾ ’ਚ 40.5 ਡਿਗਰੀ, ਲੁਧਿਆਣਾ ’ਚ 38.8 ਡਿਗਰੀ, ਅੰਮ੍ਰਿਤਸਰ ’ਚ 37.3 ਡਿਗਰੀ, ਪਟਿਆਲਾ ’ਚ 37.3 ਡਿਗਰੀ, ਪਠਾਨਕੋਟ ’ਚ 35.3 ਡਿਗਰੀ ਅਤੇ ਰੂਪਨਗਰ ’ਚ 39.9 ਡਿਗਰੀ ਸੈਲਸੀਅਸ ਰਿਹਾ।ਇਸੇ ਤਰ੍ਹਾਂ ਹਰਿਆਣਾ ਵਿਚ 2 ਅਤੇ 3 ਜੁਲਾਈ ਪੰਚਕੂਲਾ, ਅੰਬਾਲਾ ਅਤੇ ਯਮੁਨਾਨਗਰ ਜ਼ਿਲ੍ਹਿਆਂ ਵਿਚ ਮਾਰੀ ਮੀਂਹ ਪਵੇਗਾ, ਜਦੋਂ ਕਿ ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਜੀਂਦ ਅਤੇ ਕੈਥਲ ਵਿਚ ਦਰਮਿਆਨਾ ਅਤੇ ਹੋਰਨਾਂ ਜ਼ਿਲ੍ਹਿਆਂ ਵਿਚ ਹਲਕਾ ਮੀਂਹ ਪਵੇਗਾ।