ਚੰਡੀਗੜ੍ਹ, 1 ਜੁਲਾਈ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਸ਼ਹਿਰ ’ਚ ਮਾਨਸੂਨ ਦੌਰਾਨ ਨਾਗਰਿਕ ਸਹੂਲਤਾਂ ਨੂੰ ਸੁਚਾਰੂ ਬਣਾਈ ਰੱਖਣ ਅਤੇ ਵਿਕਾਸ ਕਾਰਜਾਂ ਦੀ ਨਿਗਰਾਨੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਨਗਰ ਨਿਗਮ ਨੇ ਹਰ ਬੁੱਧਵਾਰ ਵਾਰਡ ਪੱਧਰ ’ਤੇ ਸਮੀਖਿਆ ਬੈਠਕਾਂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਹਰ ਹਫ਼ਤੇ ਪੰਜ ਵਾਰਡਾਂ ਦੇ ਕੌਂਸਲਰਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਾਨਸੂਨ ਪ੍ਰਬੰਧਾਂ, ਵਿਕਾਸ ਕਾਰਜਾਂ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੀ ਸਮੀਖਿਆ ਕੀਤੀ ਜਾਵੇਗੀ। ਇਸ ਸਬੰਧੀ ਮੁੱਖ ਇੰਜੀਨੀਅਰ ਸੰਜੇ ਅਰੋੜਾ ਨੇ ਅੱਜ ਵਾਰਡ ਨੰਬਰ 1, 2, 33, 34 ਅਤੇ 35 ਦੇ ਕੌਂਸਲਰਾਂ ਨਾਲ ਬੈਠਕ ਕਰਕੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ। ਬੈਠਕ ’ਚ ਕੌਂਸਲਰ ਮਹੇਸ਼ਿੰਦਰ ਸਿੰਘ ਸਿੱਧੂ, ਸਾਬਕਾ ਮੇਅਰ ਤੇ ਮੌਜੂਦਾ ਕੌਸਲਰ ਜਸਵਿੰਦਰ ਕੌਰ ਅਤੇ ਬੁੜੈਲ ਤੋੀ ਕੌਸਲਰ ਕੰਵਰਜੀਤ ਸਿੰਘ ਰਾਣਾ ਤੋਂ ਇਲਾਵਾ ਨਗਰ ਨਿਗਮ ਦੇ ਇੰਜੀਨੀਅਰਿੰਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਮਾਨਸੂਨ ਨੂੰ ਧਿਆਨ ਵਿਚ ਰੱਖਦਿਆਂ ਸਟਾਰਮ ਵਾਟਰ ਡਰੇਨਾਂ ਦੀ ਸਫ਼ਾਈ, ਪਾਣੀ ਭਰਨ ਦੀ ਰੋਕਥਾਮ, ਸੜਕਾਂ ਦੀ ਮੁਰੰਮਤ ਅਤੇ ਹੋਰ ਬੁਨਿਆਦੀ ਨਾਗਰਿਕ ਸੇਵਾਵਾਂ ਸਬੰਧੀ ਕੰਮਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਕੌਂਸਲਰਾਂ ਨੇ ਆਪਣੇ-ਆਪਣੇ ਵਾਰਡਾਂ ਨਾਲ ਜੁੜੇ ਵਿਕਾਸ ਕਾਰਜਾਂ ਦੀਆਂ ਤਰਜੀਹਾਂ ਅਤੇ ਲੋਕਾਂ ਵਲੋਂ ਆ ਰਹੀਆਂ ਸ਼ਿਕਾਇਤਾਂ ਨੂੰ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ। ਇਸ ’ਤੇ ਮੁੱਖ ਇੰਜੀਨੀਅਰ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਨਸੂਨ ਨਾਲ ਸਬੰਧਤ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਇਆ ਜਾਵੇ। ਮੁੱਖ ਇੰਜ਼ੀਨੀਅਰ ਸੰਜੇ ਅਰੋੜਾ ਨੇ ਕਿਹਾ ਕਿ ਜਿਨ੍ਹਾਂ ਸਮੱਸਿਆਵਾਂ ਦਾ ਮੌਕੇ ’ਤੇ ਹੱਲ ਸੰਭਵ ਹੈ, ਉਨ੍ਹਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ, ਜਦਕਿ ਬਾਕੀ ਮਾਮਲਿਆਂ ਨੂੰ ਵੀ ਪਹਿਲ ਦੇ ਆਧਾਰ ’ਤੇ ਬਿਨਾਂ ਕਿਸੇ ਬੇਲੋੜੀ ਦੇਰੀ ਦੇ ਹੱਲ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕੰਮਾਂ ਦੀ ਗੁਣਵੱਤਾ ਅਤੇ ਸਮੇਂ ਸਿਰ ਮੁਕੰਮਲ ਕਰਨ ਲਈ ਜਵਾਬਦੇਹੀ ਨਾਲ ਕੰਮ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਸ਼ੁਰੂ ਕੀਤੀ ਗਈ ਹਫ਼ਤਾਵਾਰੀ ਸਮੀਖਿਆ ਪ੍ਰਣਾਲੀ ਤਹਿਤ ਹਰ ਬੁੱਧਵਾਰ ਪੰਜ ਵਾਰਡਾਂ ਦੇ ਕੌਂਸਲਰਾਂ ਨਾਲ ਬੈਠਕ ਕੀਤੀ ਜਾਵੇਗੀ। ਇਨ੍ਹਾਂ ਬੈਠਕਾਂ ਦੌਰਾਨ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ, ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਵੱਖ-ਵੱਖ ਵਿਭਾਗਾਂ ਵਿਚਾਲੇ ਤਾਲਮੇਲ ਦੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਸ ਨਵੀਂ ਪ੍ਰਣਾਲੀ ਨਾਲ ਮੈਦਾਨੀ ਪੱਧਰ ’ਤੇ ਕੰਮਕਾਜ਼ ਦੀ ਨਿਗਰਾਨੀ ਹੋਰ ਮਜ਼ਬੂਤ ਹੋਵੇਗੀ, ਵਿਭਾਗਾਂ ਵਿਚਾਲੇ ਤਾਲਮੇਲ ਵਿਚ ਸੁਧਾਰ ਆਵੇਗਾ ਤੇ ਸ਼ਹਿਰ ਭਰ ’ਚ ਵਿਕਾਸ ਕਾਰਜ਼ਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਨਾਲ-ਨਾਲ ਲੋਕਾਂ ਨੂੰ ਨਾਗਰਿਕ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਈਆਂ ਜਾ ਸਕਣਗੀਆਂ।