ਚੰਡੀਗੜ੍ਹ, 4 ਜੁਲਾਈ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਇਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਪਣੀ ਚੰਡੀਗੜ੍ਹ ਇਕਾਈ ਦਾ ਰਸਮੀ ਤੌਰ ’ਤੇ ਐਲਾਨ ਕੀਤਾ। ਪਾਰਟੀ ਨੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਤੇ 2029 ਦੀਆਂ ਲੋਕ ਸਭਾ ਚੋਣਾਂ ਵਿਚ ਚੰਡੀਗੜ੍ਹ ਸੰਸਦੀ ਸੀਟ ਤੋਂ ਚੋਣ ਲੜਨ ਦੀ ਇੱਛਾ ਦਾ ਐਲਾਨ ਕੀਤਾ। ਇਥੇ ਪ੍ਰੈੱਸ ਕਲੱਬ ਵਿਖੇ ਪਾਰਟੀ ਦੇ ਜਨਰਲ ਸਕੱਤਰ ਤੇ ਚੰਡੀਗੜ੍ਹ ਦੇ ਪਾਰਟੀ ਅਬਜ਼ਰਵਰ ਗੁਰਜੀਤ ਸਿੰਘ ਤਲਵੰਡੀ, ਹਰਬੰਸ ਸਿੰਘ ਕੰਦੋਲਾ ਜਨਰਲ ਸਕੱਤਰ, ਭਜਨ ਸਿੰਘ ਸ਼ੇਰਗਿੱਲ ਮੀਤ ਪ੍ਰਧਾਨ, ਹਰਜਿੰਦਰ ਸਿੰਘ ਕੁਲਗਰਾ ਮੈਂਬਰ ਵਰਕਿੰਗ ਕਮੇਟੀ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਐਲਾਨ ਕਰਦਿਆਂ ਕਿਹਾ ਕਿ ਚੰਡੀਗੜ੍ਹ ਭੂਗੋਲਕ ਤੇ ਸਮਾਜਕ ਤੌਰ ’ਤੇ ਪੰਜਾਬ ਦਾ ਅਟੁੱਟ ਹਿੱਸਾ ਹੈ। ਉਨ੍ਹਾਂ ਨੇ ਬਾਦਲ ਧੜੇ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਾਰਟੀ ਨੇ ਚੰਡੀਗੜ੍ਹ ਦੇ ਲੋਕਾਂ ਤੇ ਇਥੋਂ ਦੇ ਅਕਾਲੀ ਵਰਕਰਾਂ ਨੂੰ ਅਣਡਿੱਠਾ ਕੀਤਾ। ਉਨ੍ਹਾਂ ਦੀਆਂ ਅਣਸੁਝੀਆਂ ਨੀਤੀਆਂ ਕਾਰਨ ਅਕਾਲੀ ਕੇਡਰ ਨਿਰਾਸ਼ ਹੋ ਗਿਆ, ਜਿਸ ਦੇ ਨਤੀਜੇ ਵਜੋਂ ਕਈ ਵਰਕਰ ਜਾਂ ਤਾਂ ਘਰ ਬੈਠ ਗਏ ਜਾਂ ਹੋਰ ਪਾਰਟੀਆਂ ਵਿਚ ਸ਼ਾਮਿਲ ਹੋ ਗਏ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਦੇ ਨਿਰਦੇਸ਼ਾਂ ਹੇਠ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ 2024 ਦੇ ਹੁਕਮਨਾਮੇ ਅਨੁਸਾਰ, ਅਸੀਂ ਸਾਰੇ ਅਕਾਲੀ ਧੜਿਆਂ ਨੂੰ ਇਕ ਮੰਚ ’ਤੇ ਲਿਆਉਣ ਵਿਚ ਸਫਲ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਜ਼ੋਨ ਇੰਚਾਰਜ ਨਿਯੁਕਤ ਕਰ ਦਿੱਤੇ ਹਨ, ਜੋ ਜ਼ਮੀਨੀ ਪੱਧਰ ਤੱਕ ਪਹੁੰਚ ਕਰਨਗੇ, ਅਤੇ ਇਕ ਮਹੀਨੇ ਦੇ ਅੰਦਰ ਪਾਰਟੀ ਦੀ ਪੂਰੀ ਬਣਤਰ ਦਾ ਐਲਾਨ ਕੀਤਾ ਜਾਵੇਗਾ। ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨ ਵਾਲੇ ਸੀਨੀਅਰ ਆਗੂਆਂ ਵਿਚ ਗੁਰਨਾਮ ਸਿੰਘ ਸਿੱਧੂ, ਸਾਬਕਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ, ਗੁਰਪ੍ਰਤਾਪ ਸਿੰਘ ਰਿਆੜ ਸਾਬਕਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ, ਮੋਹਿੰਦਰ ਸਿੰਘ, ਸਾਬਕਾ ਡਿਪਟੀ ਮੇਅਰ ਚੰਡੀਗੜ੍ਹ ਤੇ ਅਮਰਿੰਦਰ ਸਿੰਘ, ਸਾਬਕਾ ਮੈਂਬਰ, ਸ਼੍ਰੋਮਣੀ ਕਮੇਟੀ ਯੂ.ਟੀ., ਸ਼ਾਮਿਲ ਸਨ। ਪਾਰਟੀ ਲੀਡਰਸ਼ਿਪ ਨੇ ਸਾਰੀਆਂ ਪੰਥਕ ਜਥੇਬੰਦੀਆਂ ਅਤੇ ਚੰਡੀਗੜ੍ਹ ਦੇ ਪਿੰਡਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਇਸ ਲਹਿਰ ਨਾਲ ਜੁੜਨ। ਉਨ੍ਹਾਂ ਕਿਹਾ ਕਿ ਅਸੀਂ ਚੰਡੀਗੜ੍ਹ ਦੇ ਖੇਤਰ ਵਿਚ ਇਕ ਮੁੱਖ ੲੰਜੇਡੇ ਨਾਲ ਦਾਖਲ ਹੋ ਰਹੇ ਹਾਂ। ਪ੍ਰੈੱਸ ਕਾਨਫ਼ਰੰਸ ਦੇ ਅੰਤ ਵਿਚ ਤਲਵੰਡੀ ਨੇ ਕਿਹਾ ਕਿ ਅਸੀਂ ਚੰਡੀਗੜ੍ਹ ’ਚ ਗੱਠਜੋੜ ਲਈ ਹਮਖ਼ਿਆਲੀ ਪਾਰਟੀਆਂ ਨਾਲ ਵੀ ਗੱਲਬਾਤ ਕਰ ਰਹੇ ਹਾਂ। ਉਨ੍ਹਾਂ ਭਰੋਸਾ ਦਿਵਾਇਆ ਕਿ ਅਸੀਂ ਸਿਰਫ਼ ਆਪਣੇ ਦ੍ਰਿਸ਼ਟੀਕੋਣ ਤੇ ਚੰਡੀਗੜ੍ਹ ਦੇ ਲੋਕਾਂ ਦੀਆਂ ਮੰਗਾਂ ਨੂੰ ਤਰਜੀਹ ਦੇਣ ਵਾਲੇ ਸਾਂਝੇ ਘੱਟੋ-ਘੱਟ ਪ੍ਰੋਗਰਾਮ ਦੇ ਆਧਾਰ ’ਤੇ ਹੀ ਅੱਗੇ ਵਧਾਂਗੇ। ਇਸ ਮੌਕੇ ਬਾਬਾ ਗੁਰਦਿਆਲ ਸਿੰਘ ਖੁਦਾ ਅਲੀ ਸ਼ੇਰ, ਗੁਰਦੁਆਰਾ ਸੈਕਟਰ 40 ਤੋਂ ਕਿਰਪਾਲ ਸਿੰਘ ਤੇ ਜਸਪਾਲ ਸਿੰਘ, ਮਨੀਮਾਜਰਾ ਤੋਂ ਬਲਬੀਰ ਸਿੰਘ ਅਤੇ ਧਰਮਾ ਸਿੰਘ, ਰਾਮ ਦਰਬਾਰ ਤੋਂ ਅਵਤਾਰ ਸਿੰਘ, ਰਾਮਗੜ੍ਹੀਆ ਭਵਨ ਤੋਂ ਬਲਦੇਵ ਸਿੰਘ ਕਲਸੀ, ਸੈਕਟਰ 7 ਗੁਰਦੁਆਰਾ ਤੋਂ ਜਸਪ੍ਰੀਤ ਸਿੰਘ ਜੱਸਲ, ਰਾਮ ਦਰਬਾਰ ਤੋਂ ਦਵਿੰਦਰ ਸਿੰਘ ਸਿਗਲੀਗਰ ਅਤੇ ਸੁਖਨਾ ਝੀਲ ਨੇੜੇ ਸਥਿਤ ਗੁਰਸਾਗਰ ਗੁਰਦੁਆਰਾ ਤੋਂ ਸੁਖਚੈਨ ਸਿੰਘ ਤੇ ਰਤਨ ਸਿੰਘ ਵੀ ਮੌਜੂਦ ਸਨ।
2 ਦਸੰਬਰ ਦੇ ਹੁਕਮਨਾਮੇ ਦੀ ਭਾਵਨਾ ਵਿਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਚੰਡੀਗੜ੍ਹ ’ਚ ਆਗਾਜ਼
ਅਜੀਤ ਡੈਸਕ
05-07-2026