ਚੰਡੀਗੜ੍ਹ, 4 ਜੁਲਾਈ (ਰਾਮ ਸਿੰਘ ਬਰਾੜ)-ਹਰਿਆਣਾ ਨੂੰ ਦੇਸ਼ ਦੇ ਪ੍ਰਮੁੱਖ ਸੈਰ-ਸਪਾਟਾ ਨਕਸ਼ੇ ’ਤੇ ਸਥਾਪਿਤ ਕਰਨ ਦੀ ਦਿਸ਼ਾ ਵਿਚ ਰਾਜ ਸਰਕਾਰ ਨੇ ਇਕ ਬਹੁਤ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੈਰ-ਸਪਾਟਾ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇਕ ਮਹੱਤਵਪੂਰਨ ਸਮੀਖਿਆ ਮੀਟਿੰਗ ਵਿਚ ਪਿੰਜੌਰ ਦੇ ਇਤਿਹਾਸਕ ਯਾਦਵਿੰਦਰਾ ਗਾਰਡਨ ਤੇ ਮੋਰਨੀ ਹਿਲਸ ਦੇ ਖ਼ੂਬਸੂਰਤ ਟਿੱਕਰਤਾਲ ਨੂੰ ਆਧੁਨਿਕ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਹੱਤਵਕਾਂਖੀ ਪ੍ਰਾਜੈਕਟ ਤਹਿਤ ਦੋਵਾਂ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਦੇ ਨਵੀਨੀਕਰਨ ਅਤੇ ਆਧੁਨਿਕੀਕਰਨ ’ਤੇ ਕਰੀਬ 90 ਕਰੋੜ ਰੁਪਏ ਖ਼ਰਚ ਕੀਤੇ ਜਾਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਸਰਕਾਰ ਦੀ ਇਸ ਪਹਿਲ ਨਾਲ ਨਾ ਸਿਰਫ਼ ਹਰਿਆਣਾ ਵਿਚ ਸੈਰ-ਸਪਾਟੇ ਨੂੰ ਨਵੇਂ ਖੰਭ ਲੱਗਣਗੇ, ਸਗੋਂ ਸਥਾਨਕ ਪੱਧਰ ’ਤੇ ਰੁਜ਼ਗਾਰ ਤੇ ਰਾਜ ਦੇ ਮਾਲੀਏ ਵਿੱਚ ਵੀ ਭਾਰੀ ਵਾਧਾ ਹੋਵੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵੈਡ ਇਨ ਇੰਡੀਆ’ ਵਿਜ਼ਨ ਦੇ ਅਨੁਰੂਪ ਯਾਦਵਿੰਦਰਾ ਗਾਰਡਨ ਦੇ ਨੇੜੇ ਆਧੁਨਿਕ ਸਹੂਲਤਾਂ ਨਾਲ ਲੈਸ ਇਕ ਸ਼ਾਨਦਾਰ ‘ਵਨ ਸਟਾਪ ਡੈਸਟੀਨੇਸ਼ਨ ਫਾਰ ਵੈਡਿੰਗ’ ਵਿਕਸਿਤ ਕਰਨ ਲਈ ਕਿਹਾ ਹੈ, ਜਿਸ ਨਾਲ ਸੈਰ-ਸਪਾਟਾ ਵਿਭਾਗ ਨੂੰ ਵਾਧੂ ਮਾਲੀਆ ਪ੍ਰਾਪਤ ਹੋ ਸਕੇ। ਇਸ ਹਾਈ-ਟੈਕ ਵੈਡਿੰਗ ਡੈਸਟੀਨੇਸ਼ਨ ਵਿਚ ਇਕ ਕਨਵੈਨਸ਼ਨ ਸੈਂਟਰ ਤੇ ਐਗਜ਼ੀਬਿਸ਼ਨ ਸੈਂਟਰ ਸਮੇਤ ਆਧੁਨਿਕ ਸਹੂਲਤਾਂ ਮੌਜੂਦ ਹੋਣਗੀਆਂ। ਇਸ ਦੇ ਨਾਲ ਹੀ, ਇੱਥੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮੋਡ ’ਤੇ ਇਕ ਆਲੀਸ਼ਾਨ ਹੋਟਲ ਦਾ ਨਿਰਮਾਣ ਵੀ ਕੀਤਾ ਜਾਵੇਗਾ, ਜਿਸ ਦੀ ਛੱਤ ’ਤੇ ਅਤਿਆਧੁਨਿਕ ਹੈਲੀਪੈਡ ਦੀ ਸਹੂਲਤ ਹੋਵੇਗੀ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਮਹਿਮਾਨ ਸਿੱਧੇ ਹਵਾਈ ਮਾਰਗ ਰਾਹੀਂ ਇੱਥੇ ਪਹੁੰਚ ਸਕਣ। ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਵਿਕਾਸ ਕਾਰਜਾਂ ਦੌਰਾਨ ਯਾਦਵਿੰਦਰਾ ਗਾਰਡਨ ਦੀ ਇਤਿਹਾਸਕ ਤੇ ਰਵਾਇਤੀ ਵਿਰਾਸਤ ਨੂੰ ਪੂਰੀ ਤਰ੍ਹਾਂ ਸੰਜੋ ਕੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ, ਮੋਰਨੀ ਦੇ ਨੇੜੇ ਸਥਿਤ ਪ੍ਰਸਿੱਧ ਟਿੱਕਰਤਾਲ ਨੂੰ ਐਡਵੈਂਚਰ ਲਵਰਜ਼ ਦੀ ਪਹਿਲੀ ਪਸੰਦ ਬਣਾਉਣ ਲਈ ਉਥੇ ਪਹਿਲਾਂ ਤੋਂ ਮੌਜੂਦ ਸਹੂਲਤਾਂ ਦਾ ਪੂਰੀ ਤਰ੍ਹਾਂ ਨਵੀਨੀਕਰਨ ਕੀਤਾ ਜਾਵੇਗਾ। ਟਿੱਕਰਤਾਲ ਵਿਚ ਐਡਵੈਂਚਰ ਪਾਰਕ, ਬੋਟਿੰਗ ਤੇ ਹਾਂਟੇਡ-ਹਾਊਸ ਸਮੇਤ ਹੋਰ ਦਰਸ਼ਨੀ ਸਥਾਨਾਂ ਦਾ ਕਾਇਆ-ਕਲਪ ਕੀਤਾ ਜਾਵੇਗਾ, ਜਿਸ ਨਾਲ ਇਹ ਕੁਦਰਤੀ ਸਥਾਨ ਸੈਲਾਨੀਆਂ ਲਈ ਇਕ ਬੇਹੱਦ ਰੋਮਾਂਚਕ, ਖ਼ੂਬਸੂਰਤ ਤੇ ਕਦੇ ਨਾ ਭੁੱਲਣ ਵਾਲਾ ਸਫ਼ਰ ਸਾਬਤ ਹੋ ਸਕੇ। ਮੀਟਿੰਗ ਵਿਚ ਮੁੱਖ ਸਕੱਤਰ ਅਨੁਰਾਗ ਰਸਤੋਗੀ ਤੇ ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਡਾ. ਯਸ਼ਪਾਲ ਸਮੇਤ ਕਈ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।
ਹਰਿਆਣਾ ’ਚ ਹੁਣ ਸੈਰ-ਸਪਾਟਾ ਕ੍ਰਾਂਤੀ ਲਿਆਂਦੀ ਜਾਵੇਗੀ-ਮੁੱਖ ਮੰਤਰੀ ਸੈਣੀ
ਅਜੀਤ ਡੈਸਕ
05-07-2026