ਚੰਡੀਗੜ੍ਹ, 4 ਜੁਲਾਈ (ਅਜੀਤ ਬਿਊਰੋ)-ਪੰਜਾਬ ਪੁਲਿਸ ਨੇ ਸੂਬੇ ਭਰ ਵਿਚ ਆਪਣਾ ਸਾਈਬਰ ਡਿਫੈਂਸ ਨੈੱਟਵਰਕ ਮਜ਼ਬੂਤ ਕਰਕੇ ਸਾਈਬਰ ਅਪਰਾਧ ਨੂੰ ਮੂੰਹ ਤੋੜ ਜਵਾਬ ਦੇਣ ਦੀ ਤਾਕਤ ਨੂੰ ਹੋਰ ਵਧਾਇਆ ਹੈ। ਪਿਛਲੇ ਦੋ ਸਾਲਾਂ ਤੋਂ ਹਰੇਕ ਜ਼ਿਲ੍ਹਾ ਅਤੇ ਪੁਲਿਸ ਕਮਿਸ਼ਨਰੇਟ ਵਿਚ ਵਿਸ਼ੇਸ਼ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸਥਾਪਤ ਹੋਣ ਨਾਲ ਫੋਰਸ ਨੇ ਆਨਲਾਈਨ ਧੋਖਾਧੜੀ ਅਤੇ ਸਾਈਬਰ ਅਪਰਾਧੀਆਂ ਵਿਰੁੱਧ ਕਾਰਵਾਈ ਕਰਕੇ ਪਿਛਲੇ ਇੱਕ ਸਾਲ ਵਿਚ 729 ਗ੍ਰਿਫ਼ਤਾਰੀਆਂ ਕੀਤੀਆਂ ਹਨ। ਲਗਪਗ ਇਕ ਸਾਲ ਵਿਚ ਪੰਜਾਬ ਪੁਲਿਸ ਅਤੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ 29 ਸਾਈਬਰ ਅਪਰਾਧ ਪੁਲਿਸ ਸਟੇਸ਼ਨਾਂ ਵਿਚ 956 ਐਫ. ਆਈ. ਆਰ. ਦਰਜ ਕੀਤੀਆਂ ਅਤੇ ਵੱਖ-ਵੱਖ ਸਾਈਬਰ ਧੋਖਾਧੜੀ ਮਾਮਲਿਆਂ ਵਿਚ 729 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਲੋਕਾਂ ਨੂੰ ਆਪਣੀ ਮਿਹਨਤ ਦੀ ਕਮਾਈ ਗੁਆਉਣ ਤੋਂ ਬਚਾਇਆ ਗਿਆ ਹੈ। ਪੰਜਾਬ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ) ਗੌਰਵ ਯਾਦਵ ਨੇ ਕਿਹਾ ਕਿ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪਿਛਲੇ ਚਾਰ ਸਾਲਾਂ ਵਿਚ ਸਾਈਬਰ ਅਪਰਾਧ ਵਿਰੁੱਧ ਲੜਾਈ ਤੇ ਬੇਗੁਨਾਹ ਨਾਗਰਿਕਾਂ ਦੀ ਰਾਖੀ ਵਿਚ ਬਹੁਤ ਹੱਦ ਤੱਕ ਕਾਮਯਾਬੀ ਹਾਸਲ ਕੀਤੀ ਹੈ। ਸਖ਼ਤੀ ਨਾਲ ਲਾਗੂਕਰਨ ਦੇ ਨਾਲ-ਨਾਲ ਪੰਜਾਬ ਪੁਲਿਸ ਨੇ ਰੋਕਥਾਮ ਉੱਤੇ ਵੀ ਧਿਆਨ ਕੇਂਦਰਿਤ ਕੀਤਾ ਹੈ ਅਤੇ ਸੂਬੇ ਭਰ ਵਿਚ ਲਗਭਗ 657 ਨਾਗਰਿਕ ਜਾਗਰੂਕਤਾ ਪ੍ਰੋਗਰਾਮ ਚਲਾਏ ਹਨ ਤਾਂ ਜੋ ਲੋਕਾਂ ਨੂੰ ਆਨਲਾਈਨ ਧੋਖਾਧੜੀ ਅਤੇ ਘੁਟਾਲਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ।