ਚੰਡੀਗੜ੍ਹ, 5 ਜੁਲਾਈ (ਰਾਮ ਸਿੰਘ ਬਰਾੜ )- ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਾਲ ਹੀ ਵਿਚ ਜਾਪਾਨ ਵਿਚ ਹੋਏ ਕੌਮਾਂਤਰੀ ਗੀਤਾ ਮਹੋਤਸਵ ਪ੍ਰੋਗਰਾਮ ਦੇ ਸਫਲ ਆਯੋਜਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਹੋਤਸਵ ਭਾਰਤ-ਜਾਪਾਨ ਦੇ ਸੱਭਿਆਚਾਰਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰੇਗਾ। ਉਨ੍ਹਾਂ ਨੇ ਕੁਰੂਕਸ਼ੇਤਰ ਵਿਚ ਆਯੋਜਿਤ ਹੋਣ ਵਾਲੇ ਕੌਮਾਂਤਰੀ ਗੀਤਾ ਮਹੋਤਸਵ ਵਿਚ ਜਾਪਾਨ ਦੇ ਵਫ਼ਦ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦੇਣ ਅਤੇ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਅਤੇ ਵਿੱਦਿਅਕ ਆਦਾਨ-ਪ੍ਰਦਾਨ ਨੂੰ ਹੋਰ ਮਜ਼ਬੂਤੀ ਦੇਣ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਿਵਾਸ ’ਤੇ ਮੁੱਖ ਮੰਤਰੀ ਨੂੰ ਕੌਮਾਂਤਰੀ ਗੀਤਾ ਮਹੋਤਸਵ-ਜਾਪਾਨ ਦੀ ਵਿਸਤ੍ਰਿਤ ਰਿਪੋਰਟ (ਡਿਟੇਲ ਰਿਪੋਰਟ) ਪੇਸ਼ ਕੀਤੀ ਗਈ। ਇਹ ਰਿਪੋਰਟ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਦੀ ਗਰਿਮਾਮਈ ਹਾਜ਼ਰੀ ਵਿਚ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੈਂਬਰ ਸਕੱਤਰ ਡਾ. ਅਮਿਤ ਅਗਰਵਾਲ, ਆਨਰੇਰੀ ਸਕੱਤਰ ਉਪੇਂਦਰ ਸਿੰਘਲ ਅਤੇ ਕੌਮਾਂਤਰੀ ਗੀਤਾ ਜਯੰਤੀ ਮੇਲਾ ਅਥਾਰਟੀ ਦੇ ਮੈਂਬਰ ਵਿਜੇ ਨਰੂਲਾ ਵੱਲੋਂ ਪੇਸ਼ ਕੀਤੀ ਗਈ। ਵਫ਼ਦ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ 18 ਤੋਂ 23 ਜੂਨ 2026 ਤੱਕ ਜਾਪਾਨ ਵਿਚ ਆਯੋਜਿਤ ਸੱਤਵੇਂ ਕੌਮਾਂਤਰੀ ਗੀਤਾ ਮਹੋਤਸਵ ਦੇ ਅੰਤਰਗਤ ਕੁੱਲ 18 ਵੱਖ-ਵੱਖ ਪ੍ਰੋਗਰਾਮਾਂ ਦਾ ਸਫਲ ਆਯੋਜਨ ਕੀਤਾ ਗਿਆ। ਮਹੋਤਸਵ ਦਾ ਮੁੱਖ ਉਦੇਸ਼ ਜਾਪਾਨ ਵਿਚ ਸ਼੍ਰੀਮਦ ਭਗਵਦ ਗੀਤਾ ਦੇ ਵਿਸ਼ਵਵਿਆਪੀ ਸੰਦੇਸ਼ ਦਾ ਪ੍ਰਚਾਰ-ਪ੍ਰਸਾਰ, ਵਿੱਦਿਅਕ ਅਤੇ ਸੱਭਿਆਚਾਰਕ ਸਹਿਯੋਗ ਨੂੰ ਵਧਾਉਣਾ ਅਤੇ ਭਾਰਤ, ਖ਼ਾਸ ਤੌਰ ’ਤੇ ਕੁਰੂਕਸ਼ੇਤਰ, ਅਤੇ ਜਾਪਾਨ ਵਿਚਕਾਰ ਸੱਭਿਆਚਾਰਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਸੀ। ਮਹੋਤਸਵ ਦੌਰਾਨ ਜਾਪਾਨ ਦੀ ਹਾਊਸ ਆਫ਼ ਕੌਂਸਲਰਸ, ਆਈ.ਡੀ.ਪੀ. ਹੈੱਡਕੁਆਰਟਰ, ਓਸਾਕਾ ਅਸੈਂਬਲੀ ਅਤੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼੍ਰੀਮਦ ਭਗਵਦ ਗੀਤਾ ਭੇਂਟ ਕੀਤੀ ਗਈ। ਟੋਕੀਓ ਯੂਨੀਵਰਸਿਟੀ ਵਿਚ ਕੌਮਾਂਤਰੀ ਗੀਤਾ ਸੰਗੋਸ਼ਠੀ ਦਾ ਆਯੋਜਨ ਹੋਇਆ, ਜਿਸ ਵਿਚ ਗੀਤਾ ਦੇ ਵਿਸ਼ਵਵਿਆਪੀ ਸੰਦੇਸ਼ ਅਤੇ ਸਮਕਾਲੀ ਪ੍ਰਸੰਗਿਕਤਾ ’ਤੇ ਵਿਆਪਕ ਵਿਚਾਰ-ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਭਾਰਤ-ਜਾਪਾਨ ਦੀਆਂ ਸੱਭਿਆਚਾਰਕ ਸਮਾਨਤਾਵਾਂ ’ਤੇ ਆਧਾਰਿਤ ਇੱਕ ਵਿਸ਼ੇਸ਼ ਪ੍ਰਦਰਸ਼ਨੀ, ਵਿਭਿੰਨ ਸੱਭਿਆਚਾਰਕ ਪ੍ਰੋਗਰਾਮ, ਗੀਤਾ ਯੱਗ, ਗਲੋਬਲ ਗੀਤਾ ਪਾਠ, ਗੀਤਾ ਸਦਭਾਵਨਾ ਯਾਤਰਾ ਅਤੇ ਅਰਿਕਾਵਾ ਨਦੀ ਤੱਟ ’ਤੇ ਭਵਯ ਗੀਤਾ ਆਰਤੀ ਦਾ ਆਯੋਜਨ ਵੀ ਕੀਤਾ ਗਿਆ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਕੌਮਾਂਤਰੀ ਗੀਤਾ ਮਹੋਤਸਵ ਦਾ ਮਾਰੀਸ਼ਸ, ਲੰਡਨ, ਕੈਨੇਡਾ, ਆਸਟਰੇਲੀਆ, ਸ਼੍ਰੀਲੰਕਾ ਅਤੇ ਇੰਡੋਨੇਸ਼ੀਆ ਵਿਚ ਸਫਲ ਆਯੋਜਨ ਕੀਤਾ ਜਾ ਚੁੱਕਾ ਹੈ ਅਤੇ ਜਾਪਾਨ ਇਸ ਲੜੀ ਦਾ ਸੱਤਵਾਂ ਕੌਮਾਂਤਰੀ ਆਯੋਜਨ ਰਿਹਾ।