ਜ਼ੀਰਕਪੁਰ, 7 ਜੁਲਾਈ (ਮਨਿੰਦਰ ਸਿੰਘ)-ਗਣੇਸ਼ ਵਿਹਾਰ ‘ਚ ਚੋਰਾਂ ਨੇ ਇਕ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁ. ਦੇ ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੀੜਤ ਧਰਮਿੰਦਰ ਸਾਹਨੀ ਨੇ ਦੱਸਿਆ ਕਿ ਉਹ ਕਬਾੜ ਦੇ ਡੀਲਰ ਵਜੋਂ ਕੰਮ ਕਰਦਾ ਹੈ ਅਤੇ ਲਗਪਗ 15 ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਆਪਣੇ ਜੱਦੀ ਪਿੰਡ ਗਿਆ ਸੀ। ਜਦੋਂ ਉਹ 5 ਜੁਲਾਈ ਨੂੰ ਵਾਪਸ ਆਇਆ ਤਾਂ ਮੁੱਖ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਇਸ ਤੋਂ ਬਾਅਦ ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਬੈੱਡ ‘ਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। ਧਰਮਿੰਦਰ ਸਾਹਨੀ ਦੇ ਅਨੁਸਾਰ ਚੋਰਾਂ ਨੇ ਲਗਭਗ 5 ਤੋਲੇ ਸੋਨੇ ਦੇ ਗਹਿਣੇ, ਕੁਝ ਚਾਂਦੀ ਦੇ ਗਹਿਣੇ ਅਤੇ 10 ਹਜ਼ਾਰ ਰੁ. ਦੀ ਨਕਦੀ ਚੋਰੀ ਕਰ ਲਈ ਸੀ। ਚੋਰੀ ਹੋਈਆਂ ਚੀਜ਼ਾਂ ਦੀ ਕੁੱਲ ਕੀਮਤ ਲਗਭਗ 9 ਲੱਖ ਰੁ. ਦੱਸੀ ਜਾ ਰਹੀ ਹੈ। ਉਸ ਵਲੋਂ ਤੁਰੰਤ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਪੁਲਿਸ ਵਲੋਂ ਆਸ-ਪਾਸ ਦੇ ਖੇਤਰ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।