ਡੇਰਾਬੱਸੀ, 7 ਜੁਲਾਈ (ਰਣਬੀਰ ਸਿੰਘ ਪੜ੍ਹੀ)-ਭਾਰਤੀ ਜਨਤਾ ਪਾਰਟੀ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਮੋਹਾਲੀ ਇਕਾਈ ‘ਚ ਨਵੀਆਂ ਸੰਗਠਨਾਤਮਕ ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਪੰਜਾਬ ਇਨਫੋਟੈੱਕ ਦੇ ਚੇਅਰਮੈਨ ਐੱਸ. ਐੱਮ. ਐੱਸ. ਸੰਧੂ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਜ਼ਿਲ੍ਹਾ ਮੁਹਾਲੀ ਦੇ ਭਾਜਪਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਤਿੰਨ ਸਮਰਪਿਤ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪਦਿਆਂ ਨਿਯੁਕਤੀ ਪੱਤਰ ਪ੍ਰਦਾਨ ਕੀਤੇ। ਇਸ ਮੌਕੇ ਮਨਪ੍ਰੀਤ ਸਿੰਘ ਸਮਗੌਲੀ (ਸੰਗੋਧ) ਨੂੰ ਜ਼ਿਲ੍ਹਾ ਸਕੱਤਰ ਅਤੇ ਕੋ-ਕਨਵੀਨਰ ਆਈ. ਟੀ. ਸੈੱਲ ਮੁਹਾਲੀ, ਸਤੀਸ਼ ਕੁਮਾਰ ਜੌਲਾ ਕਲਾਂ ਨੂੰ ਡਿਸਟ੍ਰਿਕਟ ਕੋ-ਕਨਵੀਨਰ ਟਰੇਡ ਸੈੱਲ ਮੁਹਾਲੀ ਅਤੇ ਰਮਨ ਰਾਣਾ ਸਮਗੌਲੀ ਨੂੰ ਡਿਸਟ੍ਰਿਕਟ ਕੋ-ਕਨਵੀਨਰ ਸੋਸ਼ਲ ਮੀਡੀਆ ਮੁਹਾਲੀ ਨਿਯੁਕਤ ਕੀਤਾ ਗਿਆ। ਨਿਯੁਕਤੀਆਂ ਦੇ ਐਲਾਨ ਤੋਂ ਬਾਅਦ ਮੌਜੂਦ ਆਗੂਆਂ ਅਤੇ ਵਰਕਰਾਂ ਨੇ ਤਿੰਨਾਂ ਨਵੇਂ ਅਹੁਦੇਦਾਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਐਸ. ਐਮ. ਐਸ. ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਸਮਰਪਿਤ ਅਤੇ ਸਰਗਰਮ ਵਰਕਰਾਂ ਦੀ ਮਿਹਨਤ ਦਾ ਹਮੇਸ਼ਾ ਸਨਮਾਨ ਕਰਦੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਨਵ-ਨਿਯੁਕਤ ਅਹੁਦੇਦਾਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਵਿਚਾਰਧਾਰਾ, ਲੋਕ ਭਲਾਈ ਯੋਜਨਾਵਾਂ ਅਤੇ ਸੰਗਠਨਕ ਗਤੀਵਿਧੀਆਂ ਨੂੰ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਨਵੇਂ ਅਹੁਦੇਦਾਰਾਂ ਨੂੰ ਪੂਰੀ ਸਰਗਰਮੀ ਨਾਲ ਕੰਮ ਕਰਦਿਆਂ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ। ਇਸੇ ਦੌਰਾਨ ਨਵ-ਨਿਯੁਕਤ ਹੁਦੇਦਾਰਾਂ ਨੇ ਪਾਰਟੀ ਹਾਈਕਮਾਨ ਅਤੇ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਭਾਜਪਾ ਦੇ ਕਈ ਸੀਨੀਅਰ ਆਗੂ, ਅਹੁਦੇਦਾਰ, ਵਰਕਰ ਅਤੇ ਸਮਰਥਕ ਵੀ ਹਾਜ਼ਰ ਸਨ।