ਨਾਜਾਇਜ਼ ਉਸਾਰੀਆਂ ਤੇ ਸੀਵਰੇਜ ਕੁਨੈਕਸ਼ਨ ਬਣ ਰਹੇ ਨੇ ਓਵਰਫਲੋ ਦਾ ਮੁੱਖ ਕਾਰਨ- ਵਿਰਕ
ਜ਼ੀਰਕਪੁਰ, 9 ਅਗਸਤ (ਹੈਪੀ ਪੰਡਵਾਲਾ)-ਸ਼ਹਿਰ ’ਚ ਸਾਹਮਣੇ ਆ ਰਹੀ ਸੀਵਰੇਜ ਓਵਰਫਲੋ ਦੀ ਸਮੱਸਿਆ ਬਾਬਤ ਨਗਰ ਕੌਂਸਲ ਜ਼ੀਰਕਪੁਰ ਹੁਣ ਸਖ਼ਤ ਕਾਰਵਾਈ ਕਰਨ ਦੀ ਤਿਆਰੀ ’ਚ ਹੈ। ਕੌਂਸਲ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਨਾਜਾਇਜ਼ ਉਸਾਰੀਆਂ ਅਤੇ ਸੀਵਰੇਜ ਦੇ ਨਾਜਾਇਜ਼ ਕੁਨੈਕਸ਼ਨਾਂ ਨੂੰ ਇਸ ਸਮੱਸਿਆ ਦਾ ਮੁੱਖ ਕਾਰਨ ਦੱਸਿਆ ਹੈ।
ਜ਼ੀਰਕਪੁਰ, 9 ਅਗਸਤ (ਹੈਪੀ ਪੰਡਵਾਲਾ)-ਸ਼ਹਿਰ ’ਚ ਸਾਹਮਣੇ ਆ ਰਹੀ ਸੀਵਰੇਜ ਓਵਰਫਲੋ ਦੀ ਸਮੱਸਿਆ ਬਾਬਤ ਨਗਰ ਕੌਂਸਲ ਜ਼ੀਰਕਪੁਰ ਹੁਣ ਸਖ਼ਤ ਕਾਰਵਾਈ ਕਰਨ ਦੀ ਤਿਆਰੀ ’ਚ ਹੈ। ਕੌਂਸਲ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਨਾਜਾਇਜ਼ ਉਸਾਰੀਆਂ ਅਤੇ ਸੀਵਰੇਜ ਦੇ ਨਾਜਾਇਜ਼ ਕੁਨੈਕਸ਼ਨਾਂ ਨੂੰ ਇਸ ਸਮੱਸਿਆ ਦਾ ਮੁੱਖ ਕਾਰਨ ਦੱਸਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਛੇਤੀ ਹੀ ਨਗਰ ਕੌਂਸਲ ਵਲੋਂ ਸ਼ਹਿਰ ’ਚ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਨਾਜਾਇਜ਼ ਸੀਵਰੇਜ ਕੁਨੈਕਸ਼ਨ ਅਤੇ ਉਸਾਰੀਆਂ ਦੀ ਜਾਂਚ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਵਿਰਕ ਨੇ ਕਿਹਾ ਕਿ ਸ਼ਹਿਰ ਦੇ ਕਈ ਇਲਾਕਿਆਂ ’ਚ ਸੀਵਰੇਜ ਓਵਰਫਲੋ ਦੀਆਂ ਸ਼ਿਕਾਇਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਕਈ ਥਾਵਾਂ ’ਤੇ ਸਥਿਤੀ ਦੇਖਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਬਿਨਾਂ ਮਨਜ਼ੂਰੀ ਸੀਵਰੇਜ ਦੇ ਕੁਨੈਕਸ਼ਨ ਮੁੱਖ ਲਾਈਨਾਂ ਨਾਲ ਜੋੜੇ ਗਏ ਹਨ, ਜਿਸ ਕਾਰਨ ਸੀਵਰੇਜ ਲਾਈਨਾਂ ’ਤੇ ਲੋੜ ਤੋਂ ਵੱਧ ਬੋਝ ਪੈ ਰਿਹਾ ਹੈ। ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਕਈ ਥਾਵਾਂ ’ਤੇ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਗਲੀਆਂ ’ਚ ਫੈਲ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਉਸਾਰੀਆਂ ਕਾਰਨ ਲੋਕਾਂ ਦੀ ਗਿਣਤੀ ਅਤੇ ਸੀਵਰੇਜ ਦਾ ਬੋਝ ਵਧ ਜਾਂਦਾ ਹੈ, ਜਦਕਿ ਉਥੇ ਸੀਵਰੇਜ ਲਾਈਨਾਂ ਪਹਿਲਾਂ ਤੋਂ ਤੈਅ ਸਮਰੱਥਾ ਅਨੁਸਾਰ ਪਾਈਆਂ ਗਈਆਂ ਹੁੰਦੀਆਂ ਹਨ। ਇਸੇ ਕਾਰਨ ਹੁਣ ਨਗਰ ਕੌਂਸਲ ਨੇ ਨਾਜਾਇਜ਼ ਉਸਾਰੀਆਂ ਅਤੇ ਸੀਵਰੇਜ ਕਨੈਕਸ਼ਨਾਂ ਦੋਵਾਂ ਖ਼ਿਲਾਫ਼ ਇਕੱਠੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਤਹਿਤ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ ਅਤੇ ਸਾਰਿਆਂ ਲਈ ਇਕੋ ਜਿਹੇ ਨਿਯਮ ਹੋਣਗੇ।