ਐੱਸ . ਏ . ਐੱਸ . ਨਗਰ , 9 ਅਗਸਤ ( ਪ੍ਰੋ . ਅਵਤਾਰ ਸਿੰਘ )- ਪੰਜਾਬ ਸਰਕਾਰ ਦੇ ਸੈਰ - ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਸ਼ਾਨਦਾਰ ਨਾਟਕੀ ਅਤੇ ਸੰਗੀਤਕ ਪੇਸ਼ਕਾਰੀ ‘ ਹਮਾਰੇ ਰਾਮ ’ ਨੇ ਮੁਹਾਲੀ ਵਿਖੇ ਆਪਣੇ ਦੋ ਰੋਜ਼ਾ ਪ੍ਰਦਰਸ਼ਨ ਦੌਰਾਨ ਦਰਸ਼ਕਾਂ ਨੂੰ ਮੰਤਰ - ਮੁਗਧ ਕਰ ਦਿੱਤਾ । ਐਮਿਟੀ ਯੂਨੀਵਰਸਿਟੀ ਮੁਹਾਲੀ ਵਿਖੇ ਹੋਈ ਇਸ ਪੇਸ਼ਕਾਰੀ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਦੋਵੇਂ ਦਿਨ ਵੱਡੀ ਗਿਣਤੀ ‘ ਚ ਲੋਕਾਂ ਨੇ ਸ਼ਮੂਲੀਅਤ ਕੀਤੀ । ਰਾਮਾਇਣ ਦੇ ਅਣਛੋਹੇ ਪਹਿਲੂਆਂ ਅਤੇ ਘੱਟ ਜਾਣੇ - ਪਛਾਣੇ ਪੱਖਾਂ ਨੂੰ ਨਾਟਕੀ ਅਤੇ ਸੰਗੀਤਕ ਰੂਪ ‘ ਚ ਪੇਸ਼ ਕਰਦੀ ਇਸ ਵਿਸ਼ੇਸ਼ ਪੇਸ਼ਕਾਰੀ ਨੇ ਆਪਣੀ ਸ਼ਾਨਦਾਰ ਕਥਾ , ਪ੍ਰਭਾਵਸ਼ਾਲੀ ਸੰਵਾਦ , ਅਦਾਕਾਰੀ ਅਤੇ ਸੰਗੀਤ ਰਾਹੀਂ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ । ਰਾਵਣ ਦੇ ਕਿਰਦਾਰ ‘ ਚ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਦੀ ਦਮਦਾਰ ਸੰਵਾਦ ਅਦਾਇਗੀ ਅਤੇ ਪ੍ਰਭਾਵਸ਼ਾਲੀ ਮੰਚ ਮੌਜੂਦਗੀ ਨੇ ਦਰਸ਼ਕਾਂ ਤੋਂ ਖ਼ੂਬ ਤਾੜੀਆਂ ਬਟੋਰੀਆਂ । ਇਸੇ ਤਰ੍ਹਾਂ ਰਾਹੁਲ ਭੁੱਚਰ ਵਲੋਂ ਭਗਵਾਨ ਸ੍ਰੀ ਰਾਮ ਦੇ ਕਿਰਦਾਰ ਦੀ ਕੀਤੀ ਗਈ ਪ੍ਰਭਾਵਸ਼ਾਲੀ ਅਤੇ ਸੰਵੇਦਨਸ਼ੀਲ ਪੇਸ਼ਕਾਰੀ ਦੀ ਵੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ । ਪੇਸ਼ਕਾਰੀ ਨੂੰ ਹੋਰ ਵੀ ਸ਼ਾਨਦਾਰ ਬਣਾਉਂਦਿਆਂ ਪ੍ਰਸਿੱਧ ਗਾਇਕਾ ਸ਼ੰਕਰ ਮਹਾਦੇਵਨ , ਸੋਨੂੰ ਨਿਗਮ ਅਤੇ ਕੈਲਾਸ਼ ਖੇਰ ਦੀਆਂ ਪਿੱਠਵਰਤੀ ਰੂਹਾਨੀ ਅਤੇ ਸੁਰੀਲੀਆਂ ਸੰਗੀਤਕ ਪੇਸ਼ਕਾਰੀਆਂ ਨੇ ਮਾਹੌਲ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੱਤਾ । ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਦੇ ਸਮਾਪਤੀ ਪ੍ਰੋਗਰਾਮ ਮੌਕੇ ਪੰਜਾਬ ਸਰਕਾਰ ਦੇ ਸੈਰ - ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁਹਾਲੀ ਨੂੰ ਸੂਬੇ ‘ ਚ ‘ ਹਮਾਰੇ ਰਾਮ ’ ਦੇ ਉਦਘਾਟਨੀ ਪ੍ਰਦਰਸ਼ਨਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਣਾ ਮਾਣ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕਿ ‘ ਹਮਾਰੇ ਰਾਮ ’ ਵਰਗੀਆਂ ਪੇਸ਼ਕਾਰੀਆਂ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਸਦੀਆਂ ਪੁਰਾਣੀਆਂ ਪ੍ਰੰਪਰਾਵਾਂ ਨੂੰ ਨਵੇਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ‘ ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਭਾਰਤ ਦੀ ਅਮੀਰ ਸੱਭਿਆਚਾਰਕ ਅਤੇ ਸਾਹਿਤਕ ਵਿਰਾਸਤ ਨਾਲ ਜੋੜਨ ਲਈ ਅਜਿਹੇ ਉਪਰਾਲੇ ਬੇਹੱਦ ਮਹੱਤਵਪੂਰਨ ਹਨ । ਇਸੇ ਦੌਰਾਨ ਦਰਸ਼ਕਾਂ ਨੇ ਵੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਰਾਮਾਇਣ ਦੇ ਅਣਛੋਹੇ ਪੱਖਾਂ ਨੂੰ ਆਧੁਨਿਕ ਨਾਟਕੀ ਅੰਦਾਜ਼ ‘ ਚ ਪੇਸ਼ ਕਰਨ ਨਾਲ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਨੂੰ ਭਾਰਤੀ ਸੱਭਿਆਚਾਰਕ ਵਿਰਾਸਤ ਅਤੇ ਇਸ ਨਾਲ ਜੁੜੀਆਂ ਸਦੀਵੀ ਕਦਰਾਂ - ਕੀਮਤਾਂ ਨਾਲ ਜੋੜਨ ‘ ਚ ਮਦਦ ਮਿਲੇਗੀ । ਮੁਹਾਲੀ ਵਿਖੇ ਦੋ ਰੋਜ਼ਾ ਪ੍ਰਦਰਸ਼ਨਾਂ ਨੂੰ ਮਿਲਿਆ ਭਰਵਾਂ ਹੁੰਗਾਰਾ ਇਸ ਗੱਲ ਦਾ ਗਵਾਹ ਹੈ ਕਿ ਲੋਕ ਆਪਣੀ ਸੱਭਿਆਚਾਰਕ ਵਿਰਾਸਤ , ਸਾਹਿਤਕ ਪ੍ਰੰਪਰਾਵਾਂ ਅਤੇ ਅਰਥਪੂਰਨ ਕਲਾਤਮਿਕ ਪੇਸ਼ਕਾਰੀਆਂ ਵੱਲ ਡੂੰਘਾ ਝੁਕਾਅ ਰੱਖਦੇ ਹਨ ।