ਐੱਸ. ਏ. ਐੱਸ. ਨਗਰ, 18 ਸਤੰਬਰ (ਕਪਿਲ ਵਧਵਾ)-ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਮੁਹਾਲੀ ਦੇ ਸੈਕਟਰ-71 ਸਥਿਤ ਸ਼ਾਖਾ ਨਾਲ ਫਰਜ਼ੀ ਦਸਤਾਵੇਜ਼ਾਂ ਤੇ ਜਾਅਲੀ ਚੈੱਕ ਰਾਹੀਂ 78 ਲੱਖ ਰੁ. ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਅਦਾਲਤ ਨੇ ਸੰਦੀਪ ਸਿੰਘ ਨੂੰ ਧੋਖਾਧੜੀ, ਜਾਅਲਸਾਜ਼ੀ ਤੇ ਅਪਰਾਧਿਕ ਸਾਜ਼ਿਸ਼ ਦਾ ਦੋਸ਼ੀ ਕਰਾਰ ਦਿੰਦਿਆਂ 3 ਸਾਲਾਂ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਸ ਨੂੰ ਆਈ. ਪੀ. ਸੀ. ਦੀ ਧਾਰਾ 419, 420, 465, 467, 468, 471 474, 201 ਅਤੇ 120 ਬੀ ਤਹਿਤ ਦੋਸ਼ੀ ਕਰਾਰ ਦਿੰਦਿਆਂ ਹਰ ਇਕ ਧਾਰਾ ਤਹਿਤ 500 ਰੁ. ਜੁਰਮਾਨੇ ਕੁੱਲ 4500 ਰੁ. ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਹੈ ਕਿ ਮਾਮਲੇ ਵਿਚ ਆਮ ਲੋਕਾਂ ਦਾ ਪੈਸਾ ਸ਼ਾਮਿਲ ਹੈ, ਇਸ ਲਈ ਪ੍ਰੋਸੀਕਿਊਸ਼ਨ ਵਿਭਾਗ ਵਲੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਹੋਰ ਸ਼ੱਕੀ ਵਿਅਕਤੀਆਂ ਅਤੇ ਅੰਦਰੂਨੀ ਕੜੀਆਂ ਦਾ ਪਤਾ ਲੱਗ ਸਕੇ। ਮਾਮਲਾ ਅਕਤੂਬਰ 2016 ਦਾ ਹੈ। ਸੰਦੀਪ ਸਿੰਘ ਨੇ ਕਥਿਤ ਤੌਰ ‘ਤੇ ਫਰਜ਼ੀ ਪੈਨ ਕਾਰਡ ਤੇ ਡਰਾਈਵਿੰਗ ਲਾਇਸੰਸ ਦੀ ਵਰਤੋਂ ਕਰਕੇ ‘ਨਰਿੰਦਰ ਸਿੰਘ’ ਦੇ ਨਾਂਅ ‘ਤੇ ਬੈਂਕ ਵਿਚ ਖਾਤਾ ਖੁੱਲ੍ਹਵਾਇਆ ਸੀ। ਉਸ ਨੇ ਬੈਂਕ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਪਲਾਟ ਵੇਚ ਕੇ ਮਿਲਣ ਵਾਲੀ ਰਕਮ ਇਸ ਖਾਤੇ ਵਿਚ ਜਮ੍ਹਾਂ ਹੋਵੇਗੀ। 26 ਅਕਤੂਬਰ 2016 ਨੂੰ ਉਸ ਨੇ ਗੋਰਖਪੁਰ ਸਥਿਤ ਬੈਂਕ ਦੀ ਰੋਡ ਸ਼ਾਖਾ ਦੇ ਖਾਤਾਧਾਰਕ ਅਸ਼ੋਕ ਕੁਮਾਰ ਸਿੰਘ ਦੇ ਨਾਂਅ ‘ਤੇ 78 ਲੱਖ ਰੁ. ਦਾ ਜਾਅਲੀ ਚੈੱਕ ਲਗਾਇਆ। ਚੈੱਕ ਕਲੀਅਰ ਹੋਣ ਮਗਰੋਂ ਰਕਮ ਖਾਤੇ ਵਿਚ ਜਮ੍ਹਾਂ ਹੋ ਗਈ ਅਤੇ ਅਗਲੇ ਦਿਨ ਸੰਦੀਪ ਨੇ 66 ਲੱਖ ਰੁ. ਨਕਦ ਕਢਵਾ ਲਏ, ਜਦਕਿ ਬਾਕੀ ਰਕਮ ਏ. ਟੀ. ਐਮ./ਡੈਬਿਟ ਕਾਰਡ ਰਾਹੀਂ ਖ਼ਰਚ ਕੀਤੀ। 26 ਦਸੰਬਰ 2016 ਨੂੰ ਗੋਰਖਪੁਰ ਬੈਂਕ ਦੇ ਅਧਿਕਾਰੀਆਂ ਵਲੋਂ ਮੁਹਾਲੀ ਸ਼ਾਖਾ ਨਾਲ ਸੰਪਰਕ ਕਰਨ ‘ਤੇ ਧੋਖਾਧੜੀ ਦਾ ਖੁਲਾਸਾ ਹੋਇਆ। ਜਾਂਚ ਦੌਰਾਨ ਅਸਲ ਖਾਤਾਧਾਰਕ ਅਸ਼ੋਕ ਕੁਮਾਰ ਸਿੰਘ ਨੇ ਅਜਿਹਾ ਕੋਈ ਚੈੱਕ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਅਸਲ ਚੈੱਕ ਉਸ ਦੀ ਚੈੱਕਬੁੱਕ ਵਿਚ ਹੀ ਮੌਜੂਦ ਸੀ। ਇਸ ਤੋਂ ਬਾਅਦ ਮਾਮਲੇ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਅਸਲ ਖਾਤਾਧਾਰਕ ਦੇ ਦਸਤਖ਼ਤ ਅਤੇ ਬੈਂਕ ਸੰਬੰਧੀ ਜਾਣਕਾਰੀ ਹਾਸਿਲ ਕਰਕੇ ਜਾਅਲੀ ਚੈੱਕ ਤਿਆਰ ਕੀਤਾ ਗਿਆ ਸੀ। ਅਦਾਲਤ ਨੇ ਇਸ ਗੱਲ ‘ਤੇ ਵੀ ਗੌਰ ਕਰਦਿਆਂ ਅੱਗੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ਕਿ ਗੁਪਤ ਬੈਂਕਿੰਗ ਜਾਣਕਾਰੀ ਅੰਦਰੂਨੀ ਮਿਲੀਭੁਗਤ ਤੋਂ ਬਿਨਾਂ ਹਾਸਿਲ ਕਰਨਾ ਲਗਭਗ ਅਸੰਭਵ ਹੈ।