ਐੱਸ. ਏ. ਐੱਸ. ਨਗਰ, 28 ਸਤੰਬਰ (ਪ੍ਰੋ. ਅਵਤਾਰ ਸਿੰਘ)-ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ‘ਵੋਟ ਚੋਰੀ’ ਦੇ ਮੁੱਦੇ ਅਤੇ ਚੋਣ ਪ੍ਰਕਿਰਿਆ ‘ਚ ਪਾਰਦਰਸ਼ਤਾ ਤੇ ਨਿਰਪੱਖਤਾ ਦੀ ਮੰਗ ਨੂੰ ਲੈ ਕੇ ਡੀ. ਸੀ. ਦਫ਼ਤਰ ਮੁਹਾਲੀ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਪੁੱਜੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਉਨ੍ਹਾਂ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਿੱਧੂ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਨੇ ਹਰ ਨਾਗਰਿਕ ਨੂੰ ਬਰਾਬਰ ਵੋਟ ਦਾ ਅਧਿਕਾਰ ਦਿੱਤਾ ਹੈ, ਜਦਕਿ 13 ਕਰੋੜ 35 ਲੱਖ ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੰਨਣਾ ਹੈ ਕਿ ਵੋਟਰ ਸੂਚੀਆਂ ‘ਚ ਪਾਰਦਰਸ਼ਤਾ, ਸਹੀ ਜਾਂਚ ਅਤੇ ਹਰ ਯੋਗ ਨਾਗਰਿਕ ਦੇ ਵੋਟ ਦੇ ਅਧਿਕਾਰ ਦੀ ਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਮਹੀਨਿਆਂ ਦੌਰਾਨ ਚੋਣ ਕਮਿਸ਼ਨ ਦੇ ਅੰਦਰ ਹੀ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਵਲੋਂ ਘੱਟੋ-ਘੱਟ 14 ਵਾਰ ਵੱਖ-ਵੱਖ ਫ਼ੈਸਲਿਆਂ ਅਤੇ ਹੁਕਮਾਂ ‘ਤੇ ਲਿਖਤੀ ਇਤਰਾਜ਼ ਦਰਜ ਕਰਵਾਏ ਗਏ ਹਨ। ਇਹ ਇਤਰਾਜ਼ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ, ਵੋਟਰ ਸੂਚੀਆਂ ‘ਚੋਂ ਨਾਂਅ ਹਟਾਉਣ ਜਾਂ ਜੋੜਨ, ਐਸ. ਆਰ. ਆਈ. ਦੀ ਪ੍ਰਕਿਰਿਆ ਅਤੇ ਵੋਟਰ ਡੇਟਾਬੇਸ ਦੀ ਸੰਭਾਲ ਨਾਲ ਜੁੜੇ ਮਾਮਲਿਆਂ ‘ਤੇ ਦਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਦੋਵਾਂ ਕਮਿਸ਼ਨਰਾਂ ਨੇ ਕੁਝ ਮਾਮਲਿਆਂ ‘ਚ ਇਹ ਵੀ ਇਤਰਾਜ਼ ਜਤਾਇਆ ਕਿ ਫ਼ੈਸਲੇ ਜਾਂ ਹੁਕਮ ਉਨ੍ਹਾਂ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਇਤਰਾਜ਼ਾਂ ਅਤੇ ਪੂਰੀ ਪ੍ਰਕਿਰਿਆ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਦੇਸ਼ ਦੇ ਲੋਕਾਂ ਦਾ ਚੋਣ ਪ੍ਰਕਿਰਿਆ ‘ਚ ਭਰੋਸਾ ਕਾਇਮ ਰਹੇ। ਇਸ ਰੋਸ ਧਰਨੇ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵਲੋਂ ਨਿਭਾਈ ਗਈ। ਇਸ ਧਰਨੇ ਨੂੰ ਕਾਂਗਰਸ ਕਮੇਟੀ ਦੇ ਕਮਲ ਕਿਸ਼ੋਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਕਾਂਗਰਸ, ਮੁਲਾਜ਼ਮ ਆਗੂ ਲੱਖਾ ਸਿੰਘ, ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ, ਉਦੈਵੀਰ ਸਿੰਘ ਢਿੱਲੋਂ ਕਾਂਗਰਸੀ, ਮਨਜੀਤ ਸਿੰਘ ਝੱਲਬੂਟੀ, ਕਮਲਜੀਤ ਚਾਵਲਾ, ਯਾਦਵਿੰਦਰ ਸਿੰਘ ਬੰਨੀ ਕੰਗ, ਰਣਜੀਤ ਸਿੰਘ ਨਗਲੀਆਂ ਐੱਸ. ਸੀ. ਸੈੱਲ ਚੇਅਰਮੈਨ, ਰਣਜੀਤ ਸਿੰਘ ਪਡਿਆਲਾ ਸਾਬਕ ਜ਼ਿਲ੍ਹਾ ਪ੍ਰਧਾਨ, ਬਲਜੀਤ ਕੌਰ ਪ੍ਰਧਾਨ ਜ਼ਿਲ੍ਹਾ ਮਹਿਲਾ ਕਾਂਗਰਸ, ਠੇਕੇਦਾਰ ਮੋਹਣ ਸਿੰਘ ਬਠਲਾਣਾ ਅਤੇ ਹਰਦਿਆਲ ਚੰਦ ਬਡਬਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਰਮਜੀਤ ਕੌਰ, ਸਵਰਨਜੀਤ ਕੌਰ, ਕੰਵਰਬੀਰ ਸਿੰਘ ਰੂਬੀ ਸਿੱਧੂ, ਰਵਿੰਦਰ ਪਾਲ ਸਿੰਘ ਪਾਲੀ, ਪ੍ਰਦੀਪ ਸਿੰਘ ਤੰਗੌਰੀ, ਸਤਨਾਮ ਸਿੰਘ ਸੈਣੀ, ਦੀਪਕ ਕੌਸ਼ਲ, ਸੁਖਵਿੰਦਰ ਸਿੰਘ ਨੰਬਰਦਾਰ, ਹਰਸ ਰਿਸ਼ੀ , ਕਰਨੈਲ ਸਿੰਘ, ਹੈਪੀ ਮਲਿਕ, ਅਸ਼ੋਕ ਕੌਂਡਲ, ਗੁਰਵਿੰਦਰ ਸਿੰਘ ਸੋਹੀ, ਕੁਲਵਿੰਦਰ ਸਿੰਘ ਸੰਜੂ, ਅਵਤਾਰ ਸਿੰਘ ਭਾਗੂ ਮਾਜਰਾ, ਅਮਰੀਕ ਸਿੰਘ ਕੰਬਾਲਾ, ਦਵਿੰਦਰ ਕੌਰ ਵਾਲੀਆ, ਜਸਬੀਰ ਸਿੰਘ ਮਾਣਕੂ, ਸੁਰਿੰਦਰ ਰਾਜਪੂਤ, ਇੰਦਰਜੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਭਮਰਾ, ਕੁਲਜੀਤ ਸਿੰਘ ਬੇਦੀ, ਮੁਕਲ ਸ਼ਰਮਾ, ਜੰਗ ਬਹਾਦਰ ਕੁੰਭੜਾ, ਸੁਖਦੀਪ ਸਿੰਘ ਨਿਆਂ ਸ਼ਹਿਰ ਤੇ ਰਜਿੰਦਰ ਸਿੰਘ ਧਰਮਗੜ੍ਹ ਸਮੇਤ ਹੋਰ ਕਾਂਗਰਸੀ ਆਗੂ, ਵਰਕਰ ਤੇ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਹਾਜ਼ਰ ਸਨ।