ਮਦਰ ਡੇਅਰੀ ਸਟੋਰ ਦੇ ਤਾਲੇ ਤੋੜ ਕੇ 329 ਟੀਨ ਸੋਇਆਬੀਨ ਤੇਲ ਚੋਰੀ, ਘਟਨਾ ਸੀ.ਸੀ.ਟੀ.ਵੀ ’ਚ ਕੈਦ
ਜ਼ੀਰਕਪੁਰ, 13 ਅਕਤੂਬਰ (ਮਨਿੰਦਰ ਸਿੰਘ)-ਜ਼ੀਰਕਪੁਰ ਵਿਚ ਚੋਰਾਂ ਨੇ ਮਦਰ ਡੇਅਰੀ ਦੇ ਸਟੋਰ ਨੂੰ ਨਿਸ਼ਾਨਾ ਬਣਾਉਂਦਿਆਂ ਤਾਲੇ ਤੋੜ ਕੇ ਸੋਇਆਬੀਨ ਰਿਫਾਇੰਡ ਤੇਲ ਦੇ ਕਰੀਬ 329 ਟੀਨ ਚੋਰੀ ਕਰ ਲਏ। ਚੋਰੀ ਦੀ ਇਹ ਵਾਰਦਾਤ ਸਵੇਰੇ ਕਰੀਬ 4 ਵਜੇ ਦੀ ਦੱਸੀ ਜਾ ਰਹੀ ਹੈ।
ਜ਼ੀਰਕਪੁਰ, 13 ਅਕਤੂਬਰ (ਮਨਿੰਦਰ ਸਿੰਘ)-ਜ਼ੀਰਕਪੁਰ ਵਿਚ ਚੋਰਾਂ ਨੇ ਮਦਰ ਡੇਅਰੀ ਦੇ ਸਟੋਰ ਨੂੰ ਨਿਸ਼ਾਨਾ ਬਣਾਉਂਦਿਆਂ ਤਾਲੇ ਤੋੜ ਕੇ ਸੋਇਆਬੀਨ ਰਿਫਾਇੰਡ ਤੇਲ ਦੇ ਕਰੀਬ 329 ਟੀਨ ਚੋਰੀ ਕਰ ਲਏ। ਚੋਰੀ ਦੀ ਇਹ ਵਾਰਦਾਤ ਸਵੇਰੇ ਕਰੀਬ 4 ਵਜੇ ਦੀ ਦੱਸੀ ਜਾ ਰਹੀ ਹੈ। ਚੋਰ ਟਾਟਾ ਗੱਡੀ ਵਿਚ ਤੇਲ ਦੇ ਟੀਨ ਲੱਦ ਕੇ ਫ਼ਰਾਰ ਹੋ ਗਏ। ਚੋਰੀ ਦੀ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ, ਪਰ ਫੁਟੇਜ ਵਿਚ ਗੱਡੀ ਦਾ ਨੰਬਰ ਸਪੱਸ਼ਟ ਨਹੀਂ ਹੋ ਸਕਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਬੀ. ਐੱਨ. ਐੱਸ. ਦੀਆਂ ਧਾਰਾਵਾਂ 331 (4) ਤੇ 305 (ਏ) ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕੇਸ਼ਵ ਗੋਇਲ ਵਾਸੀ ਪੰਚਕੂਲਾ ਨੇ ਦੱਸਿਆ ਕਿ ਉਹ ਓਮ ਲੌਜਿਸਟਿਕਸ ਦੇ ਸਾਹਮਣੇ ਸਥਿਤ ਮਦਰ ਡੇਅਰੀ ਇੰਡੀਆ ਦੇ ਸਟੋਰ ਦੇ ਗੋਦਾਮ ਦੀ ਦੇਖ-ਰੇਖ ਕਰਦਾ ਹੈ। ਉਨ੍ਹਾਂ ਅਨੁਸਾਰ, ਬੀਤੇ ਦਿਨੀਂ ਸਵੇਰੇ ਕਰੀਬ 4 ਵਜੇ ਅਣਪਛਾਤੇ ਵਿਅਕਤੀ ਟਾਟਾ ਗੱਡੀ ਲੈ ਕੇ ਸਟੋਰ ’ਤੇ ਪਹੁੰਚੇ ਅਤੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਗੋਦਾਮ ਵਿਚੋਂ ਧਾਰਾ ਬ੍ਰਾਂਡ ਦੇ ਸੋਇਆਬੀਨ ਰਿਫਾਇੰਡ ਤੇਲ ਦੇ ਕਰੀਬ 329 ਟੀਨ ਗੱਡੀ ਵਿਚ ਲੱਦੇ ਤੇ ਮੌਕੇ ਤੋਂ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਵਾਰਦਾਤ ਦੀ ਸੀ. ਸੀ. ਟੀ. ਵੀ. ਫੁਟੇਜ ਉਨ੍ਹਾਂ ਕੋਲ ਮੌਜੂਦ ਹੈ ਅਤੇ ਉਹ ਆਪਣੇ ਪੱਧਰ ’ਤੇ ਵੀ ਮੁਲਜ਼ਮਾਂ ਦੀ ਭਾਲ ਕਰ ਰਹੇ ਸਨ। ਉਨ੍ਹਾਂ ਨੇ 10 ਅਕਤੂਬਰ ਨੂੰ ਜ਼ੀਰਕਪੁਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।