ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੋ ਫ਼ੌਜੀ ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਚੰਡੀਗੜ੍ਹ, 2 ਨਵੰਬਰ (ਸੰਦੀਪ ਕੁਮਾਰ ਮਾਹਨਾ)-ਦੇਸ਼ ਦੀਆਂ ਸਰਹੱਦਾਂ ’ਤੇ ਤਾਇਨਾਤ ਜਵਾਨਾਂ ਨਾਲ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਰੋਟਰੀ ਵਲੋਂ 6 ਟਨ ਮਠਿਆਈ ਭੇਜੀ ਜਾ ਰਹੀ ਹੈ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮਠਿਆਈ ਨਾਲ ਭਰੇ ਦੋ ਫ਼ੌਜੀ ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਚੰਡੀਗੜ੍ਹ, 2 ਨਵੰਬਰ (ਸੰਦੀਪ ਕੁਮਾਰ ਮਾਹਨਾ)-ਦੇਸ਼ ਦੀਆਂ ਸਰਹੱਦਾਂ ’ਤੇ ਤਾਇਨਾਤ ਜਵਾਨਾਂ ਨਾਲ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਰੋਟਰੀ ਵਲੋਂ 6 ਟਨ ਮਠਿਆਈ ਭੇਜੀ ਜਾ ਰਹੀ ਹੈ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮਠਿਆਈ ਨਾਲ ਭਰੇ ਦੋ ਫ਼ੌਜੀ ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੋਟਰੀ ਦੀ ਇਸ ਸਾਲਾਨਾ ਪਹਿਲਕਦਮੀ ਤਹਿਤ ਭੇਜੀ ਜਾ ਰਹੀ ਮਠਿਆਈ ਭਾਰਤੀ ਹਵਾਈ ਸੈਨਾ ਵਲੋਂ ਚੰਡੀਗੜ੍ਹ ਤੋਂ ਹਵਾਈ ਜਹਾਜ਼ਾਂ ਰਾਹੀਂ ਦੇਸ਼ ਦੇ ਵੱਖ-ਵੱਖ ਸਰਹੱਦੀ ਖੇਤਰਾਂ ਵਿਚ ਤਾਇਨਾਤ ਜਵਾਨਾਂ ਤੱਕ ਪਹੁੰਚਾਈ ਜਾਵੇਗੀ। ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਰਾਜਪਾਲ ਕਟਾਰੀਆ ਨੇ ਕਿਹਾ ਕਿ ਰੋਟਰੀ ਦੇ ਮੈਂਬਰ ਉਨ੍ਹਾਂ ਜਵਾਨਾਂ ਨੂੰ ਤਿਉਹਾਰਾਂ ਮੌਕੇ ਯਾਦ ਰੱਖਦੇ ਹਨ, ਜਿਹੜੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਦੇਸ਼ ਵਾਸੀਆਂ ਵਲੋਂ ਜਵਾਨਾਂ ਪ੍ਰਤੀ ਪਿਆਰ, ਸਤਿਕਾਰ ਤੇ ਧੰਨਵਾਦ ਦੀ ਭਾਵਨਾ ਨੂੰ ਦਰਸਾਉਂਦੇ ਹਨ। ਇਸ ਨਾਲ ਦੇਸ਼ ਦੀ ਸੇਵਾ ਵਿਚ ਤਾਇਨਾਤ ਜਵਾਨਾਂ ਨੂੰ ਵੀ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਮਿਲਦਾ ਹੈ। ‘ਆਪ ਹੈਂ ਤੋ ਹਮ ਹੈਂ’ ਦੇ ਸੰਦੇਸ਼ ਨਾਲ ਰੋਟਰੀ ਵਲੋਂ ਸਾਲ 2016 ਤੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਪ੍ਰਧਾਨ ਰਾਜਿੰਦਰ ਕੇ. ਸਾਬੂ ਦੀ ਪਤਨੀ ਊਸ਼ਾ ਸਾਬੂ ਵਲੋਂ ਕੀਤੀ ਗਈ ਸੀ। ਹੁਣ ਰੋਟਰੀ ਕਲੱਬ ਚੰਡੀਗੜ੍ਹ ਅਤੇ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3080 ਦੇ ਮੈਂਬਰ ਵੀ ਇਸ ਮੁਹਿੰਮ ਵਿਚ ਵਧ-ਚੜ੍ਹ ਕੇ ਯੋਗਦਾਨ ਪਾ ਰਹੇ ਹਨ। ਇਹ ਜਾਣਕਾਰੀ ਕਲੱਬ ਦੀ ਪ੍ਰਧਾਨ ਟੀਨਾ ਵਿਰਕ ਨੇ ਦਿੱਤੀ। ਰੋਟਰੀ ਦੇ ਸਾਬਕਾ ਡਿਸਟ੍ਰਿਕਟ ਗਵਰਨਰ ਮਧੂਕਰ ਮਲਹੋਤਰਾ ਨੇ ਚੰਡੀਗੜ੍ਹ ਵਿਚ ਤਾਇਨਾਤ ਭਾਰਤੀ ਹਵਾਈ ਸੈਨਾ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਵਾਈ ਸੈਨਾ ਵਲੋਂ ਮਠਿਆਈ ਨੂੰ ਦੇਸ਼ ਦੇ ਵੱਖ-ਵੱਖ ਸਰਹੱਦੀ ਖੇਤਰਾਂ ਤੱਕ ਸਮੇਂ ਸਿਰ ਪਹੁੰਚਾਉਣ ਵਿਚ ਅਹਿਮ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਵਾਈ ਸੈਨਾ ਦੇ ਸਹਿਯੋਗ ਨਾਲ ਇਹ ਉਪਰਾਲਾ ਸਫ਼ਲਤਾਪੂਰਵਕ ਨੇਪਰੇ ਚੜ੍ਹਦਾ ਹੈ ਅਤੇ ਸਰਹੱਦਾਂ ’ਤੇ ਤਾਇਨਾਤ ਜਵਾਨਾਂ ਤੱਕ ਦੀਵਾਲੀ ਦੀ ਮਠਿਆਈ ਪਹੁੰਚਾਈ ਜਾਂਦੀ ਹੈ।