14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਵਿਕਾਸ ਦੀਆਂ ਨਵੀਆਂ ਇਬਾਰਤਾਂ ਲਿਖਣਗੇ ਸੈਕਟਰ-15 ਤੇ 24 ਦੇ ਪ੍ਰਾਜੈਕਟ, ਚੰਡੀਗੜ੍ਹ ਦੇ ਪ੍ਰਸ਼ਾਸਕ ਕਟਾਰੀਆ ਨੇ ਰੱਖੇ ਨੀਂਹ ਪੱਥਰ

ਚੰਡੀਗੜ੍ਹ, 13 ਨਵੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਵਸਨੀਕਾਂ ਨੂੰ ਬਿਹਤਰ ਜਨਤਕ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਰਾਜਪਾਲ ਤੇ ਯੂ. ਟੀ.

Ad Position 21
No active advertisement
ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸੈਕਟਰ-15 ਤੇ 24 ’ਚ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਦੇ ਹੋਏ, ਨਾਲ ਮੌਜੂਦ ਮੇਅਰ ਸੌਰਭ ਜੌਸ਼ੀ, ਨਿਗਮ ਕਮਿਸ਼ਨਰ ਅਮਿਤ ਕੁਮਾਰ ਤੇ ਹੋਰ। ਤਸਵੀਰ : ਰਾਕੇਸ਼ ਸ਼ਾਹ 14-11-2026
ਚੰਡੀਗੜ੍ਹ, 13 ਨਵੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਵਸਨੀਕਾਂ ਨੂੰ ਬਿਹਤਰ ਜਨਤਕ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਰਾਜਪਾਲ ਤੇ ਯੂ. ਟੀ. ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੈਕਟਰ-15 ਅਤੇ 24 ’ਚ ਕਰੀਬ 22 ਕਰੋੜ ਰੁਪਏ ਦੀ ਲਾਗਤ ਵਾਲੇ 10 ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਇਨ੍ਹਾਂ ਵਿਚ 8 ਮੁਕੰਮਲ ਹੋਏ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਦੋ ਨਵੇਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣੇ ਸ਼ਾਮਿਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਸ਼ਹਿਰ ਵਿਚ ਪੈਦਲ ਚੱਲਣ ਵਾਲਿਆਂ ਦੀਆਂ ਸਹੂਲਤਾਂ, ਪਾਰਕਾਂ, ਜਨਤਕ ਥਾਵਾਂ ਅਤੇ ਭਾਈਚਾਰਕ ਗਤੀਵਿਧੀਆਂ ਲਈ ਬੁਨਿਆਦੀ ਢਾਂਚੇ ਵਿਚ ਸੁਧਾਰ ਹੋਵੇਗਾ। ਪ੍ਰਸ਼ਾਸਕ ਵਲੋਂ ਸੈਕਟਰ-15 ’ਚ 9.39 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ‘ਸਟਰੀਟ ਫ਼ਾਰ ਪੀਪਲ’ ਪ੍ਰਾਜੈਕਟ ਅਤੇ ਸੈਕਟਰ-24 ਵਿਚ 9.61 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਆਧੁਨਿਕ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ। ਇਨ੍ਹਾਂ ਦੋਵਾਂ ਪ੍ਰੋਜੈਕਟਾਂ ਨੂੰ ਸ਼ਹਿਰ ਦੀਆਂ ਜਨਤਕ ਸਹੂਲਤਾਂ ਦੇ ਵਿਸਥਾਰ ਤੇ ਆਧੁਨਿਕੀਕਰਨ ਵੱਲ ਅਹਿਮ ਉਪਰਾਲਾ ਮੰਨਿਆ ਜਾ ਰਿਹਾ ਹੈ। ਰਾਜਪਾਲ ਕਟਾਰੀਆ ਨੇ ਆਪਣੇ ਸੰਬੋਧਨ ’ਚ ਸਵੱਛ ਸਰਵੇਖਣ 2025-26 ਵਿਚ ਲਗਾਤਾਰ ਦੂਜੀ ਵਾਰ ਕੌਮੀ ਪੱਧਰ ’ਤੇ ਦੂਜਾ ਸਥਾਨ ਹਾਸਿਲ ਕਰਨ ਲਈ ਨਗਰ ਨਿਗਮ, ਸਫ਼ਾਈ ਕਰਮਚਾਰੀਆਂ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਅਗਲੇ ਸਾਲ ਪਹਿਲੇ ਸਥਾਨ ’ਤੇ ਲਿਆਉਣ ਲਈ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਪੈਣਗੇ। ਨਸ਼ਿਆਂ ਵਿਰੁੱਧ ਸਾਂਝੀ ਮੁਹਿੰਮ ਚਲਾਉਣ ਦਾ ਜ਼ਿਕਰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਕਟਾਰੀਆ ਨੇ ਚੰਡੀਗੜ੍ਹ ਵਿਚ ਨਸ਼ਿਆਂ ਦੀ ਤਸਕਰੀ ਤੇ ਵਿਕਰੀ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ ਕਿ 11 ਸਤੰਬਰ 2026 ਤੋਂ ਚੰਡੀਗੜ੍ਹ ਪ੍ਰਸ਼ਾਸਨ, ਪੁਲਿਸ ਅਤੇ ਨਗਰ ਨਿਗਮ ਵਲੋਂ ਸਾਂਝੇ ਤੌਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਨਗਰ ਨਿਗਮ ਅਤੇ ਸਹਿਯੋਗੀ ਸੰਸਥਾਵਾਂ ਦੀ ਮਦਦ ਨਾਲ ਘਰ-ਘਰ ਜਾ ਕੇ ਨਸ਼ੇ ਦੀ ਲਤ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਅਤੇ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ 2047 ਤੱਕ ਵਿਕਸਤ ਭਾਰਤ ਦੇ ਕੌਮੀ ਟੀਚੇ ਵਿੱਚ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸੈਕਟਰ-15 ’ਚ ਪੈਦਲ ਰਾਹ ਤੇ ਸਾਈਕਲ ਮਾਰਗ ਹੋਣਗੇ ਬਿਹਤਰ ਇਸ ਤੋਂ ਪਹਿਲਾਂ ਮੇਅਰ ਸੌਰਭ ਜੋਸ਼ੀ ਨੇ ਪ੍ਰਸ਼ਾਸਕ ਦਾ ਸਵਾਗਤ ਕਰਦਿਆਂ ਵਿਕਾਸ ਪ੍ਰਾਜੈਕਟਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੈਕਟਰ-15 ਵਿਚ ਬਣਨ ਵਾਲੇ ‘ਸਟਰੀਟ ਫ਼ਾਰ ਪੀਪਲ’ ਪ੍ਰਾਜੈਕਟ ਤਹਿਤ ਪੈਦਲ ਚੱਲਣ ਵਾਲਿਆਂ ਲਈ ਰਾਹਾਂ ਅਤੇ ਸਾਈਕਲ ਮਾਰਗਾਂ ਨੂੰ ਬਿਹਤਰ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਮਾਰਕੀਟ ਖੇਤਰ ਦੀ ਸੁੰਦਰਤਾ ਵਧਾਉਣ, ਰੌਸ਼ਨੀ ਦੇ ਬਿਹਤਰ ਪ੍ਰਬੰਧ, ਬੈਠਣ ਲਈ ਥਾਵਾਂ ਤੇ ਮੀਂਹ ਦੇ ਪਾਣੀ ਦੀ ਸੰਭਾਲ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੈਕਟਰ-24 ਵਿਚ ਲਗਪਗ 1.28 ਏਕੜ ਰਕਬੇ ਵਿਚ ਬਣਨ ਵਾਲੇ ਆਧੁਨਿਕ ਕਮਿਊਨਿਟੀ ਸੈਂਟਰ ਵਿਚ ਬਹੁ-ਮੰਤਵੀ ਹਾਲ, ਸੰਪਰਕ ਕੇਂਦਰ, ਅੰਦਰੂਨੀ ਖੇਡ ਸਹੂਲਤਾਂ, ਜਿਮਨੇਜ਼ੀਅਮ, ਲਾਇਬ੍ਰੇਰੀ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਕਮਰਾ ਬਣਾਇਆ ਜਾਵੇਗਾ। ਇਸ ਨਾਲ ਇਲਾਕਾ ਵਾਸੀਆਂ ਨੂੰ ਸਮਾਜਿਕ, ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਲਈ ਇੱਕੋ ਛੱਤ ਹੇਠ ਵੱਖ-ਵੱਖ ਸਹੂਲਤਾਂ ਮਿਲਣਗੀਆਂ। ਅੱਠ ਮੁਕੰਮਲ ਪ੍ਰਾਜੈਕਟ ਕੀਤੇ ਲੋਕ ਅਰਪਣ ਪ੍ਰਸ਼ਾਸਕ ਨੇ ਜਿਨ੍ਹਾਂ ਅੱਠ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਉਨ੍ਹਾਂ ’ਚ ਸੈਕਟਰ-11 ਤੇ 15 ਨੂੰ ਜੋੜਨ ਵਾਲੇ ਅੰਡਰਪਾਸ ਦਾ ਨਵੀਨੀਕਰਨ, ਸੈਕਟਰ-15 ਦੇ ਕਮਿਊਨਿਟੀ ਸੈਂਟਰ ਦੀ ਮੁਰੰਮਤ, ਸੈਕਟਰ-24-ਸੀ ਵਿਚ ਜਨਤਕ ਪਖਾਨਿਆਂ ਦਾ ਮੁੜ ਨਿਰਮਾਣ ਅਤੇ ਪਟੇਲ ਮਾਰਕੀਟ ਦੇ ਪਿੱਛੇ ਜ਼ੀਰੋ ਵੇਸਟ ਆਧੁਨਿਕ ਫੂਡ ਸਟਰੀਟ ਦਾ ਵਿਕਾਸ ਸ਼ਾਮਿਲ ਹੈ। ਇਸ ਤੋਂ ਇਲਾਵਾ ਸੈਕਟਰ-15-ਏ, 15-ਸੀ ਅਤੇ 15-ਡੀ ਦੇ ਚਾਰ ਪਾਰਕਾਂ ਦਾ ਵੀ ਸੁਧਾਰ ਕੀਤਾ ਗਿਆ ਹੈ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਇਨ੍ਹਾਂ ਪ੍ਰੋਜੈਕਟਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਾਲੇ ਅਧਿਕਾਰੀਆਂ, ਇੰਜੀਨੀਅਰਾਂ ਅਤੇ ਕਰਮਚਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੀ. ਜੀ. ਆਈ. ਸਰਵੇਖਣ ’ਚ ਚੰਡੀਗੜ੍ਹ ਦਾ ਹਰ 7ਵਾਂ ਸਕੂਲੀ ਬੱਚਾ ‘ਮਾਇਓਪੀਆ’ ਨਾਂਅ ਦੀ ਬਿਮਾਰੀ ਤੋਂ ਹੋਇਆ ਪੀੜਤ ਅਗਲੀ ਖ਼ਬਰ ਗੋਆ ਦਾ ਵਫ਼ਦ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਚੰਡੀਗੜ੍ਹ ਦੇ ਦੌਰੇ ’ਤੇ ਪੁੱਜਾ
Ad Position 24