ਪੀ. ਜੀ. ਆਈ. ਸਰਵੇਖਣ ’ਚ ਚੰਡੀਗੜ੍ਹ ਦਾ ਹਰ 7ਵਾਂ ਸਕੂਲੀ ਬੱਚਾ ‘ਮਾਇਓਪੀਆ’ ਨਾਂਅ ਦੀ ਬਿਮਾਰੀ ਤੋਂ ਹੋਇਆ ਪੀੜਤ
ਚੰਡੀਗੜ੍ਹ, 13 ਨਵੰਬਰ (ਮਾਰਕੰਡਾ)-ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੇ ਐਡਵਾਂਸਡ ਆਈ ਸੈਂਟਰ ਨੇ ਏ. ਆਈ.
ਚੰਡੀਗੜ੍ਹ, 13 ਨਵੰਬਰ (ਮਾਰਕੰਡਾ)-ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੇ ਐਡਵਾਂਸਡ ਆਈ ਸੈਂਟਰ ਨੇ ਏ. ਆਈ. ਸੀ. ਓ-ਸੀ. ਇੰਡੀਆ ਪ੍ਰੋਜੈਕਟ ਦੇ ਹਿੱਸੇ ਵਜੋਂ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਹਿਯੋਗ ਨਾਲ ਇਕ ਸਰਵੇਖਣ ਕੀਤਾ, ਜਿਸ ਵਿਚ ਸਕੂਲੀ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਪ੍ਰਾਜੈਕਟ ਨੂੰ ਪੂਰੇ ਭਾਰਤ ਦੇ 60 ਜ਼ਿਲ੍ਹਿਆਂ ਵੰਡੀਆ ਗਿਆ, ਜਿਨ੍ਹਾਂ ’ਚ ਕੁੱਲ 1.8 ਲੱਖ ਸਕੂਲੀ ਬੱਚਿਆਂ ਦੀ ਜਾਂਚ ਕੀਤੀ ਜਾਣੀ ਹੈ। ਪੀ. ਜੀ. ਆਈ ਦੇ ਐਡਵਾਂਸਡ ਆਈ ਸੈਂਟਰ ਦੇ ਪ੍ਰੋਫੈਸਰ ਡਾ. ਜਸਪ੍ਰੀਤ ਸੁਖੀਜਾ ਦੀ ਅਗਵਾਈ ਵਿਚ ਕੀਤੇ ਸਰਵੇਖਣ ਵਿਚ 15 ਸਕੂਲਾਂ (8 ਸ਼ਹਿਰੀ ਅਤੇ 7 ਪੇਂਡੂ) ਨੂੰ ਸ਼ਾਮਿਲ ਕੀਤਾ। ਇਸ ਸਾਲ ਕੁੱਲ 4,211 ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਹ ਪੂਰਾ ਸਰਵੇਖਣ ਐਡਵਾਂਸਡ ਆਈ ਸੈਂਟਰ ਦੀ ਮੁਖੀ ਪ੍ਰੋਫੈਸਰ ਊਸ਼ਾ ਸਿੰਘ ਦੀ ਦੇਖ-ਰੇਖ ਹੇਠ ਕੀਤਾ। 597 ਬੱਚੇ (14.2%) ‘ਮਾਇਓਪੀਆ’ ਤੋਂ ਪੀੜਤ ਸਨ। ਜਿਸਦਾ ਮਤਲਬ ਹੈ ਕਿ ਜਾਂਚ ਕੀਤੇ ਗਏ ਬੱਚਿਆਂ ਵਿਚੋਂ ਲਗਪਗ ਹਰ ਸੱਤਵਾਂ ਬੱਚਾ ਇਸ ਸਮੱਸਿਆ ਤੋਂ ਪ੍ਰਭਾਵਿਤ ਰਿਹਾ। ਮਾਇਓਪੀਆ ਵਾਲੇ 40% ਬੱਚਿਆਂ ਨੂੰ ਆਪਣੀ ਇਸ ਸਥਿਤੀ ਬਾਰੇ ਪਤਾ ਹੀ ਨਹੀਂ ਸੀ। ਸ਼ਹਿਰੀ ਬੱਚਿਆਂ ਵਿਚ ਮਾਇਓਪੀਆ ਦੀ ਦਰ 13.06% ਅਤੇ ਪੇਂਡੂ ਬੱਚਿਆਂ ਵਿਚ 16.26% ਰਹੀ। ਪੇਂਡੂ ਖੇਤਰਾਂ ਵਿਚ ਮਾਇਓਪੀਆ ਵਾਲੇ ਲਗਭਗ 47% ਬੱਚਿਆਂ ਨੂੰ ਆਪਣੀ ਸਥਿਤੀ ਬਾਰੇ ਪਤਾ ਨਹੀਂ ਸੀ, ਜਦੋਂ ਕਿ ਸ਼ਹਿਰੀ ਖੇਤਰਾਂ ਵਿਚ ਇਹ ਅੰਕੜਾ 35.6% ਸੀ। ਬੱਚਿਆਂ ਵਿਚ ਮਾਇਓਪੀਆ ਜਨਤਕ ਸਿਹਤ ਲਈ ਇਕ ਉੱਭਰਦੀ ਚਿੰਤਾ ਬਣ ਗਿਆ ਹੈ। ਇਹ ਬਿਮਾਰੀ ਜਿਆਦਾ ਮੋਬਾਈਲ, ਟੀਵੀ, ਕੰਪਿਊਟਰ ਆਦਿ ਦੀ ਵਰਤੋਂ ਨਾਲ ਹੋਇਆ ਹੈ। ਜੇਕਰ ਮਾਇਓਪੀਆ ਗੰਭੀਰ ਪੱਧਰ ’ਤੇ ਪਹੁੰਚ ਜਾਵੇ, ਤਾਂ ਇਹ ਭਵਿੱਖ ਵਿਚ ਅੱਖਾਂ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸੇ ਲਈ ਇਨ੍ਹਾਂ ਦੇ ਇਲਾਜ ਲਈ ਉਪਰਾਲੇ ਸ਼ੁਰੂ ਹੋ ਚੁੱਕੇ ਹਨ।