ਲੇਖਕ ਨੇ ਸਾਂਝੇ ਪੰਜਾਬ ਦੀ ਮਿੱਟੀ ਨੂੰ ਫਰੋਲ ਕੇ ਅਨੇਕਾਂ ਹੀਰੇ ਲੱਭੇ- ਡਾ. ਸਿਰਸਾ
ਮਾਨਸਾ, 12 ਜੁਲਾਈ (ਰਾਵਿੰਦਰ ਸਿੰਘ ਰਵੀ)- ਪ੍ਰਗਤੀਸ਼ੀਲ ਲੇਖਕ ਸੰਘ ਮਾਨਸਾ ਇਕਾਈ ਵਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਅਸ਼ੋਕ ਬਾਂਸਲ ਦੀ ਪੁਸਤਕ ‘ਲੱਭ ਜਾਣਗੇ ਲਾਲ ਗਵਾਚੇ’ ’ਤੇ ਸਥਾਨਕ ਬੱਚਤ ਭਵਨ ਵਿਖੇ ਵਿਚਾਰ-ਗੋਸ਼ਟੀ ਕਰਵਾਈ ਗਈ। ਸੰਵਾਦ ਦਾ ਆਗਾਜ਼ ਕਰਦਿਆਂ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਬਾਂਸਲ ਦੀ ਇਹ ਪੁਸਤਕ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚਕਾਰ ਪੁਲ ਦਾ ਕੰਮ ਕਰਦੀ ਹੈ। ਪ੍ਰੋ. ਗੁਰਦੀਪ ਸਿੰਘ ਢਿੱਲੋਂ ਨੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੁਸਤਕ ਦੀ ਵੱਡੀ ਪ੍ਰਾਪਤੀ ਇਹ ਹੈ ਕਿ ਇਹ ਲਹਿੰਦੇ ਪੰਜਾਬ ਦੇ ਗੀਤਕਾਰਾਂ ਬਾਰੇ ਅਜਿਹੀਆਂ ਭਰੋਸੇਯੋਗ ਸੂਚਨਾਵਾਂ ਮੁਹੱਈਆ ਕਰਦੀ ਹੈ ਜੋ ਹਾਲੇ ਤੱਕ ਸਾਡੇ ਕੋਲ ਉਪਲਬਧ ਨਹੀਂ ਸਨ। ਉੱਘੇ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਸਮਾਜ ਵਿਚ ਗੀਤਕਾਰਾਂ ਦੀ ਅਣਗੌਲੀ ਸਥਿਤੀ ਅਤੇ ਉਸ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਆਖਿਆ ਕਿ ਸਾਡੀ ਬਦਕਿਸਮਤੀ ਹੈ ਕਿ ਪੰਜਾਬੀ ਗੀਤਕਾਰੀ ਦਾ ਵੱਡਾ ਹਿੱਸਾ ਹਾਲੇ ਵੀ ਸਾਹਿਤ ਦੇ ਇਤਿਹਾਸ ਦਾ ਹਿੱਸਾ ਨਹੀਂ ਬਣ ਸਕਿਆ। ਉਨ੍ਹਾਂ ਕਿਹਾ ਕਿ ਗੀਤਕਾਰਾਂ ਨੂੰ ਸਾਹਿਤਕ ਹਲਕਿਆਂ ’ਚ ਉਸ ਮਾਣ-ਸਨਮਾਨ ਨਾਲ ਪਰਵਾਨ ਨਹੀਂ ਕੀਤਾ ਗਿਆ, ਜਿਸ ਤਰ੍ਹਾਂ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ ਅਤੇ ਸੰਤ ਰਾਮ ਉਦਾਸੀ ਦੀ ਗੀਤਕਾਰੀ ਨੂੰ ਪ੍ਰਵਾਨਗੀ ਮਿਲੀ ਹੈ। ਪ੍ਰਸਿੱਧ ਗੀਤਕਾਰ ਭਿੰਦਰ ਡੱਬਵਾਲੀ ਨੇ ਕਿਹਾ ਕਿ ਬਾਂਸਲ ਨੇ ਉਹ ਕੰਮ ਕਰ ਦਿਖਾਇਆ ਹੈ ਜੋ ਅਜੇ ਤੱਕ ਵੱਡੀਆਂ ਅਕਾਦਮੀਆਂ, ਭਾਸ਼ਾ ਵਿਭਾਗ ਅਤੇ ਯੂਨੀਵਰਸਿਟੀਆਂ ਵੀ ਨਹੀਂ ਕਰ ਸਕੀਆਂ। ਸੇਵਾ ਮੁਕਤ ਐਸ.ਪੀ. ਬਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬੀ ਸਮਾਜ ’ਚ ਵਧ ਰਹੀ ਹਿੰਸਾ ਦਾ ਕਾਰਨ ਇਹ ਵੀ ਹੈ ਕਿ ਗੀਤਾਂ ਵਰਗੀ ਸੰਵੇਦਨਸ਼ੀਲ ਕਲਾ ਨੂੰ ਨਾ ਤਾਂ ਉਸ ਰੂਪ ’ਚ ਪੇਸ਼ ਕੀਤਾ ਗਿਆ ਹੈ, ਜਿਸ ਰੂਪ ’ਚ ਇਹ ਮਨੁੱਖ ਨੂੰ ਸਕੂਨ ਤੇ ਸੰਵੇਦਨਾ ਪ੍ਰਦਾਨ ਕਰਦੀ ਹੈ ਅਤੇ ਨਾ ਹੀ ਇਸ ਵਿਰਾਸਤ ਨੂੰ ਠੀਕ ਢੰਗ ਨਾਲ ਸੰਭਾਲਿਆ ਗਿਆ ਹੈ। ਸਮਾਗਮ ਦੇ ਮੁੱਖ ਬੁਲਾਰੇ ਡਾ. ਸੁਖਦੇਵ ਸਿੰਘ ਸਿਰਸਾ ਨੇ ਵੱਖ-ਵੱਖ ਕਲਾ-ਖੋਜੀਆਂ ਦੇ ਹਵਾਲਿਆਂ ਨਾਲ ਆਖਿਆ ਕਿ ਖੋਜ ਇੱਕ ਸਾਧਨਾ ਹੈ, ਜਿਸ ’ਚ ਖ਼ੋਜੀ ਦੇ ਅੰਦਰ ਲਗਾਤਾਰ ਬੇਚੈਨੀ ਬਣੀ ਰਹਿੰਦੀ ਹੈ ਅਤੇ ਉਹ ਵਾਰ-ਵਾਰ ਤੱਥਾਂ ਦੀ ਤਸਦੀਕ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸ਼ੋਕ ਬਾਂਸਲ ਨੇ ਇਸ ਪੁਸਤਕ ਰਾਹੀਂ ਲਹਿੰਦੇ ਪੰਜਾਬ ਦੇ 10 ਮਹੱਤਵਪੂਰਨ ਗੀਤਕਾਰਾਂ ਬਾਰੇ ਅਜਿਹੇ ਤੱਥ ਇਕੱਠੇ ਕੀਤੇ ਹਨ, ਜੋ ਨਾ ਲਹਿੰਦੇ ਪੰਜਾਬ ’ਚ ਉਪਲਬਧ ਸਨ ਅਤੇ ਨਾ ਹੀ ਚੜ੍ਹਦੇ ਪੰਜਾਬ ’ਚ। ਇਹੀ ਇਸ ਪੁਸਤਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਪੁਸਤਕ ਦੇ ਲੇਖਕ ਬਾਂਸਲ ਨੇ ਦੱਸਿਆ ਕਿ ਉਹ ਬਚਪਨ ’ਚ ਆਰਥਿਕ ਤੰਗੀਆਂ ਨਾਲ ਜੂਝਦੇ ਰਹੇ ਪਰ ਉਸ ਦੀ ਮਾਂ ਵਲੋਂ ਸੁਣਾਈਆਂ ਲੋਰੀਆਂ ਨੇ ਲੋਕ-ਗੀਤਾਂ ਨਾਲ ਅਜਿਹਾ ਜੋੜਿਆ ਕਿ ਉਹ ਸਾਰੀ ਉਮਰ ਲੋਕ-ਗੀਤਾਂ ਦੇ ਹੋ ਕੇ ਰਹਿ ਗਿਆ। ਇਸ ਮੌਕੇ ਕਹਾਣੀਕਾਰ ਦਰਸ਼ਨ ਜੋਗਾ ਤੇ ਪਵਨ ਪਰਿੰਦਾ, ਸ਼ਾਇਰ ਗੁਰਪ੍ਰੀਤ, ਗੀਤਕਾਰ ਜਨਕ ਸੰਗਤ, ‘ਅਜੀਤ’ ਉਪ ਦਫ਼ਤਰ ਮਾਨਸਾ ਦੇ ਇੰਚਾਰਜ ਬਲਵਿੰਦਰ ਸਿੰਘ ਧਾਲੀਵਾਲ, ਸ਼ਾਇਰ ਐਡਵੋਕੇਟ ਬਲਵੰਤ ਭਾਟੀਆ, ਅਵਤਾਰਜੀਤ, ਗੀਤਕਾਰ ਗੁਰਚੇਤ ਸਿੰਘ ਫੱਤੇਵਾਲੀਆ, ਹੈਪੀ ਰਮਦਿੱਤੇਵਾਲਾ, ਜਨਕ ਸੰਗਤ ਤੇ ਕਾਕਾ ਮਾਨ, ਡਾ. ਗੁਰਮੇਲ ਕੌਰ ਜੋਸ਼ੀ, ਗੁਰਜੰਟ ਸਿੰਘ ਚਹਿਲ, ਜਗਜੀਵਨ ਸਿੰਘ ਆਲੀਕੇ, ਗਗਨਦੀਪ ਸ਼ਰਮਾ, ਹਰਦੀਪ ਸਿੰਘ ਸਿੱਧੂ, ਹਰਿੰਦਰ ਸਿੰਘ ਮਾਨਸ਼ਾਹੀਆ, ਅੰਮ੍ਰਿਤ ਸਮਿਤੋਜ, ਲਖਵਿੰਦਰ ਸਿੰਘ ਮੂਸਾ, ਹੰਸ ਰਾਜ ਮੋਫ਼ਰ, ਕਰਨ ਭੀਖੀ, ਭੁਪਿੰਦਰ ਸਿੰਘ ਫ਼ੌਜੀ, ਹਰਜੀਵਨ ਸਿੰਘ ਸਰਾਂ, ਡਾ. ਜਨਕ ਰਾਜ ਸਿੰਗਲਾ, ਡਾ. ਹਰਪਾਲ ਸਿੰਘ ਸਰਾਂ, ਮਿੱਠੂ ਰਾਮ ਕਬਾੜੀਆ, ਰਾਜ ਜੋਸ਼ੀ, ਮਾ. ਮਹਿੰਦਰਪਾਲ, ਡਾ. ਬੱਲਮ ਲੀਂਬਾ, ਬਲਰਾਜ ਨੰਗਲ, ਕਾ. ਕ੍ਰਿਸ਼ਨ ਚੌਹਾਨ ਆਦਿ ਹਾਜ਼ਰ ਸਨ। ਸਮਾਗਮ ਦਾ ਮੰਚ ਸੰਚਾਲਨ ਕੁਲਦੀਪ ਚੌਹਾਨ ਅਤੇ ਹਾਜ਼ਰੀਨ ਦਾ ਧੰਨਵਾਦ ਗੁਰਨੈਬ ਸਿੰਘ ਮੰਘਾਣੀਆ ਨੇ ਕੀਤਾ।
ਅਸ਼ੋਕ ਬਾਂਸਲ ਦੀ ਪੁਸਤਕ ‘ਲੱਭ ਜਾਣਗੇ ਲਾਲ ਗਵਾਚੇ’ ’ਤੇ ਵਿਚਾਰ-ਗੋਸ਼ਟੀ ਕਰਵਾਈ
ਅਜੀਤ ਡੈਸਕ
13-07-2026