ਚਾਉਕੇ, 12 ਜੁਲਾਈ (ਮਨਜੀਤ ਸਿੰਘ ਘੜੈਲੀ)- ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਤਰਨਜੋਤ ਵੈੱਲਫੇਅਰ ਸੁਸਾਇਟੀ ਬੱਲੋ ਨੇ ਸ਼ਲਾਘਾਯੋਗ ਕਦਮ ਚੁੱਕਿਆ ਹੈ। ਸੰਸਥਾ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਖਿਡਾਰੀਆਂ ਦੇ ਮਾਣ-ਸਨਮਾਨ ਨੂੰ ਵਧਾਉਣ ਲਈ ਖੇਡ ਮੈਦਾਨ ਅੰਦਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਟੌਫੀ ਦੀ ਅਗਵਾਈ ਚ ਕ੍ਰਿਕਟ ਦੇ ਖਿਡਾਰੀਆਂ ਨੂੰ ਖੇਡ ਜਰਸੀਆਂ ਵੰਡੀਆਂ ਗਈਆਂ। ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਪ੍ਰਧਾਨ ਅਵਤਾਰ ਸਿੰਘ ਨੇ ਐਲਾਨ ਕੀਤਾ ਕਿ ਖਿਡਾਰੀਆਂ ਦੀ ਸਿਹਤ ਅਤੇ ਚੰਗੀ ਖ਼ੁਰਾਕ ਨੂੰ ਮੁੱਖ ਰੱਖਦਿਆਂ ਸੰਸਥਾ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਹਰ ਐਤਵਾਰ ਖਿਡਾਰੀਆਂ ਨੂੰ ਵਿਸ਼ੇਸ਼ ਰਿਫ਼੍ਰੈੱਸ਼ਮੈਂਟ (ਪੌਸ਼ਟਿਕ ਆਹਾਰ) ਦਿੱਤੀ ਜਾਇਆ ਕਰੇਗੀ। ਇਸ ਮੌਕੇ ਸੰਸਥਾ ਦੇ ਬੁਲਾਰੇ ਭੁਪਿੰਦਰ ਸਿੰਘ ਜਟਾਣਾ ਅਤੇ ਸਰਪੰਚ ਅਮਰਜੀਤ ਕੌਰ ਨੇ ਕਿਹਾ ਕਿ ਪਿੰਡ ਦੇ ਖਿਡਾਰੀਆਂ ਦੀ ਸਹੂਲਤ ਲਈ ਖੇਡ ਮੈਦਾਨ ਅੰਦਰ ਬੈਡਮਿੰਟਨ ਅਤੇ ਬਾਸਕਟਬਾਲ ਤੋਂ ਇਲਾਵਾ ਵਿਸ਼ੇਸ਼ ਟ੍ਰੈਕ ਤਿਆਰ ਕੀਤੇ ਜਾ ਰਹੇ ਹਨ ਅਤੇ ਰਾਤ ਸਮੇਂ ਖੇਡਣ ਲਈ ਫਲੱਡ ਲਾਈਟਾਂ ਦੇ ਪੁਖ਼ਤਾ ਪ੍ਰਬੰਧ ਹੋ ਚੁੱਕੇ ਹਨ। ਖੇਡ ਮੈਦਾਨ ਨੂੰ ਖ਼ੂਬਸੂਰਤ ਬਣਾਉਣ ਲਈ ਘਾਹ ਅਤੇ ਆਲੇ-ਦੁਆਲੇ ਸਜਾਵਟੀ ਪੌਦੇ ਲਾ ਕੇ ਸੁੰਦਰੀਕਰਨ ਕੀਤਾ ਜਾਵੇਗਾ। ਕੋਚ ਰਾਜਭਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਤਰਨਜੋਤ ਵੈੱਲਫੇਅਰ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਦੇ ਖਿਡਾਰੀ ਅਤੇ ਸੰਸਥਾ ਦੇ ਸਲਾਹਕਾਰ ਕਰਮਜੀਤ ਸਿੰਘ, ਗੁਲਾਬ ਸਿੰਘ, ਕੇਵਲ ਸਿੰਘ, ਰੇਸ਼ਮ ਸਿੰਘ, ਸੁਖਪਾਲ ਕੌਰ, ਹਰਬੰਸ ਕੌਰ, ਪੰਚ ਹਾਕਮ ਸਿੰਘ, ਕਰਮਜੀਤ ਸਿੰਘ, ਰਾਮ ਸਿੰਘ, ਰਾਜਵੀਰ ਕੌਰ, ਰਣਜੀਤ ਕੌਰ ਅਤੇ ਹਰਵਿੰਦਰ ਕੌਰ ਹਾਜ਼ਰ ਸਨ।
ਤਰਨਜੋਤ ਵੈੱਲਫੇਅਰ ਸੁਸਾਇਟੀ ਬੱਲ੍ਹੋ ਨੇ ਖਿਡਾਰੀਆਂ ਨੂੰ ਵੰਡੀਆਂ ਖੇਡ ਜਰਸੀਆਂ
ਅਜੀਤ ਡੈਸਕ
13-07-2026