ਭੀਖੀ, 12 ਜੁਲਾਈ (ਬਲਕਾਰ ਸਿੰਘ ਸਹੋਤਾ)- ਲੰਘੇ ਦਿਨੀਂ ਇਲਾਕੇ ’ਚ ਹੋਈ ਭਰਵੀਂ ਬਾਰਸ਼ ਕਾਰਨ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੀ 100 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪਾਣੀ ’ਚ ਡੁੱਬਣ ਕਾਰਨ ਬੇਹੱਦ ਪ੍ਰਭਾਵਿਤ ਹੋਈ ਹੈ। ਪ੍ਰਭਾਵਿਤ ਖੇਤਾਂ ਦਾ ਜਾਇਜ਼ਾ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਜਿੱਥੇ ਖੇਤਾਂ ’ਚੋਂ ਪਾਣੀ ਕੱਢਣ ਲਈ ਕਿਸਾਨਾਂ ਦੀ ਮੌਕੇ ’ਤੇ ਹੀ ਵਿੱਤੀ ਸਹਾਇਤਾ ਕੀਤੀ ਉੱਥੇ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਇਹ ਸਾਰਾ ਵਰਤਾਰਾ ਸੂਬਾ ਸਰਕਾਰ ਦੇ ਨਿਕੰਮੇਪਣ ਕਰ ਕੇ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲ ਭਾਰੀ ਬਾਰਸ਼ਾਂ ਕਾਰਨ ਮੋਹਰ ਸਿੰਘ ਵਾਲਾ ਅਤੇ ਜੱਸੜ ਵਾਲਾ ’ਚ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਸੀ ਅਤੇ ਉਸ ਮੌਕੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਜਿੱਥੇ ਇਲਾਕਾ ਨਿਵਾਸੀਆਂ ਦੀ ਸਿੱਧੇ ਵਿੱਤੀ ਸਹਾਇਤਾ ਕੀਤੀ ਉੱਥੇ ਆਪਣੇ ਅਖ਼ਤਿਆਰੀ ਫ਼ੰਡ ’ਚੋਂ 1 ਲੱਖ 50 ਹਜ਼ਾਰ ਰੁਪਏ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਦਿੱਤੇ ਜਦਕਿ ਪੰਪ ਸੈੱਟ ਖ਼ਰੀਦ ਵੀ ਲਏ ਗਏ ਪ੍ਰੰਤੂ ਪੰਚਾਇਤ ਵਲੋਂ ਹਾਲੇ ਤੱਕ ਪੰਪ ਸੈੱਟਾਂ ਦੀ ਕੀਮਤ ਦੀ ਅਦਾਇਗੀ ਲਈ ਮਤਾ ਨਾ ਪਾਉਣ ਕਾਰਨ ਗ੍ਰਾਂਟ ਜ਼ਿਲ੍ਹਾ ਯੋਜਨਾ ਕਮੇਟੀ ’ਚ ਪਈ ਹੈ। ਅਕਾਲੀ ਆਗੂ ਨੇ ਕਿਹਾ ਕਿ ਪ੍ਰਸ਼ਾਸਨ ਪ੍ਰਭਾਵਿਤ ਖੇਤਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਤੁਰੰਤ ਮਾਲੀ ਸਹਾਇਤਾ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਡਰੇਨ ਵਿਭਾਗ ਤਾਲਮੇਲ ਕਰ ਕੇ ਕਿਸਾਨਾਂ ਦੀ ਸਮੱਸਿਆ ਦੇ ਹੱਲ ਲਈ ਠੋਸ ਉਪਰਾਲੇ ਕਰਨ। ਇਸ ਮੌਕੇ ਐਡਵੋਕੇਟ ਕੁਲਸ਼ੇਰ ਸਿੰਘ ਰੂਬਲ, ਸਾਬਕਾ ਪੰਚ ਸੁਖਵਿੰਦਰ ਸਿੰਘ, ਬਲਦੇਵ ਸਿੰਘ ਹਰੀਕਾ, ਭੁਪਿੰਦਰ ਸਿੰਘ ਕੂੰਨਰ, ਸਤਨਾਮ ਸਿੰਘ, ਭੋਲਾ ਸਿੰਘ, ਹਾਕਮ ਸਿੰਘ ਆਦਿ ਹਾਜ਼ਰ ਸਨ।
ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ ਨੇ ਮੋਹਰ ਸਿੰਘ ਵਾਲਾ ਦੇ ਪਾਣੀ ’ਚ ਡੁੱਬੇ ਝੋਨੇ ਦੇ ਖੇਤਾਂ ਦਾ ਲਿਆ ਜਾਇਜ਼ਾ
ਅਜੀਤ ਡੈਸਕ
13-07-2026