ਮਾਨਸਾ, 12 ਜੁਲਾਈ (ਰਾਵਿੰਦਰ ਸਿੰਘ ਰਵੀ)- ਉੱਤਰੀ ਰੇਲਵੇ ਦਿੱਲੀ ਦੇ ਡਵੀਜ਼ਨਲ ਰੇਲਵੇ ਮੈਨੇਜਰ (ਡੀ.ਆਰ.ਐਮ.) ਪੁਸ਼ਪੇਸ਼ ਰਮਨ ਤ੍ਰਿਪਾਠੀ ਨੂੰ ਸਥਾਨਕ ਰੇਲਵੇ ਸਟੇਸ਼ਨ ਦੇ ਨਿਰੀਖਣ ਦੌਰੇ ਮੌਕੇ ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦੇ ਵਫ਼ਦ ਵਲੋਂ ਮੰਗ ਪੱਤਰ ਸੌਂਪਿਆ ਗਿਆ। ਜਥੇਬੰਦੀ ਦੇ ਪ੍ਰਧਾਨ ਜਤਿੰਦਰ ਕੁਮਾਰ ਆਗਰਾ ਨੇ ਦੱਸਿਆ ਕਿ ਮਾਨਸਾ ਰੇਲਵੇ ਸਟੇਸ਼ਨ ਦੇ ਉੱਤਰੀ ਪਾਸੇ ਟਿਕਟ ਖਿੜਕੀ ਸਮੇਤ ਨਵਾਂ ਐਂਟਰੀ ਗੇਟ ਬਣਾਉਣ, ਨਵੇਂ ਫੁੱਟ ਓਵਰ ਬ੍ਰਿਜ ਨੂੰ ਲਾਈਨ ਨੰਬਰ 5 ਤੋਂ ਅੱਗੇ ਉੱਤਰੀ ਪਾਸੇ ਤੱਕ ਵਧਾ ਕੇ ਸਿੱਧੀ ਪਹੁੰਚ, ਪਲੇਟਫ਼ਾਰਮ ਨੰਬਰ 1 ਤੇ 2 ’ਤੇ ਕੋਟਾ ਸਟੋਨ, ਸ਼ੈੱਡਾਂ ਹੇਠ ਗ੍ਰੇਨਾਈਟ ਫਲੋਰਿੰਗ ਕਰਨ, ਕੋਚ ਇੰਡੀਕੇਸ਼ਨ ਡਿਸਪਲੇ ਬੋਰਡ ਅਤੇ ਸਟੇਨਲੈੱਸ ਸਟੀਲ ਦੇ ਫਿਕਸ ਬੈਂਚ ਲਗਾਉਣ, ਪਲੇਟਫ਼ਾਰਮ ਨੰਬਰ 2 ’ਤੇ ਯੂਰੀਨਲ, ਸ਼ੈੱਡਾਂ ਦੇ ਚਾਰੇ ਪਾਸੇ ਧੁੱਪ ਤੇ ਮੀਂਹ ਤੋਂ ਬਚਾਅ ਲਈ ਸਾਈਡ ਕਵਰ, ਜੀ.ਆਰ.ਪੀ. ਚੌਕੀ ਸਥਾਪਤ ਕਰਨ ਤੋਂ ਇਲਾਵਾ ਦੋਵੇਂ ਪਲੇਟਫ਼ਾਰਮਾਂ ਦੇ ਆਖ਼ਰੀ ਸਿਰਿਆਂ ਤੱਕ ਐਲਾਨ ਪ੍ਰਣਾਲੀ (ਸਪੀਕਰ) ਲਗਾਉਣ ਅਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਟਰੇਨ ਨੰਬਰ 15743/15744 ਫਰਾਕਾ ਐਕਸਪ੍ਰੈੱਸ ਦਾ ਮਾਨਸਾ ਰੇਲਵੇ ਸਟੇਸ਼ਨ ’ਤੇ ਠਹਿਰਾਅ ਦੀ ਗੱਲ ਵੀ ਕਹੀ ਗਈ। ਵਫ਼ਦ ਨੇ ਡੀ.ਆਰ.ਐਮ. ਨੂੰ ਅਪੀਲ ਕੀਤੀ ਕਿ ਉਕਤ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਮਨਜ਼ੂਰ ਕਰ ਕੇ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ ਤਾਂ ਜੋ ਰੇਲਵੇ ਸਟੇਸ਼ਨ ਨੂੰ ਯਾਤਰੀਆਂ ਲਈ ਹੋਰ ਸੁਰੱਖਿਅਤ, ਸੁਵਿਧਾਜਨਕ ਅਤੇ ਆਧੁਨਿਕ ਬਣਾਇਆ ਜਾ ਸਕੇ। ਇਸ ਮੌਕੇ ਵਿਨੋਦ ਕਾਲੀ, ਪ੍ਰੇਮ ਅਗਰਵਾਲ, ਕ੍ਰਿਸ਼ਨ ਚੌਹਾਨ, ਸੁਨੀਲ ਗੋਇਲ ਆਦਿ ਹਾਜ਼ਰ ਸਨ।
ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਨੇ ਡੀ. ਆਰ. ਐੱਮ. ਉੱਤਰੀ ਰੇਲਵੇ ਨੂੰ ਸੌਂਪਿਆ ਮੰਗ-ਪੱਤਰ
ਅਜੀਤ ਡੈਸਕ
13-07-2026