ਲਹਿਰਾ ਮੁਹੱਬਤ, 5 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)-ਜ਼ਿਲ੍ਹਾ ਬਠਿੰਡਾ ਦੀ ਰੈਵੀਨਿਊ ਰਿਟਾਇਰਡ ਪਟਵਾਰੀ ਕਾਨੂੰਗੋ ਐਸੋਸੀਏਸ਼ਨ ਵਲੋਂ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਪੰਜਾਬ ਦੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ 'ਤੇ ਤਸ਼ੱਦਦ ਕਰ ਰਹੀ ਆਪ ਸਰਕਾਰ ਦੀ ਦਮਨਕਾਰੀ ਨੀਤੀ ਦੀ ਨਿਖੇਧੀ ਕਰਦਿਆਂ 16 ਫ਼ੀਸਦੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਸਮੇਤ ਬਕਾਇਆ ਫੰਡਾ ਦੀਆਂ ਮੰਗਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ | ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਜਰਨਲ ਸਕੱਤਰ ਬਲੌਰ ਸਿੰਘ ਲਹਿਰਾ ਮੁਹੱਬਤ (ਸੇਵਾ ਮੁਕਤ ਕਾਨੂੰਗੋ) ਨੇ ਕਿਹਾ ਕਿ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸਾਰੇ ਹਾਜ਼ਰ ਸਾਥੀਆਂ ਦੇ ਬਕਾਇਆ ਕੇਸਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਵੱਲ ਬਕਾਇਆ 16 ਫ਼ੀਸਦੀ ਡੀ.ਏ ਦੀਆਂ ਕਿਸ਼ਤਾਂ ਸਬੰਧੀ ਅਤੇ ਹੋਰ ਬਕਾਇਆ ਫ਼ੰਡਾਂ ਬਾਰੇ ਵਿਚਾਰ ਕੀਤੀ ਗਈ | ਪਰ ਇਨ੍ਹਾਂ ਬਕਾਇਆ ਮੰਗਾਂ ਨੂੰ ਲਾਗੂ ਕਰਨ ਸਬੰਧੀ ਸਰਕਾਰ ਟਾਲ ਮਟੋਲ ਕਰ ਰਹੀ ਹੈ | ਸਰਕਾਰ ਦੀ ਇਸ ਮੁਲਾਜ਼ਮ ਮਾਰੂ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਬਣਾਉਣ ਲਈ ਜਿੱਥੇ ਮੁਲਾਜ਼ਮ ਵਰਗ ਵਲੋਂ ਜੋਰਤਾਣ ਲਾ ਕੇ ਵੱਡਾ ਯੋਗਦਾਨ ਪਾਇਆ ਸੀ, ਹੁਣ ਉਨ੍ਹਾਂ ਮੁਲਾਜ਼ਮਾਂ ਦੀਆਂ ਅਧੂਰੀਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਸੰਘਰਸ਼ ਕਰਨ ਵਾਲੇ ਮੁਲਾਜ਼ਮ 'ਤੇ ਤਸ਼ੱਦਦ ਕਰ ਰਹੀ ਹੈ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸਰਕਾਰ ਨੇ ਫ਼ੌਰੀ ਲਾਗੂ ਨਾ ਕੀਤਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ | ਇਸ ਮੌਕੇ ਸਿਕੰਦਰ ਸਿੰਘ, ਸੇਵਕ ਸਿੰਘ, ਨਾਇਬ ਸਿੰਘ, ਗੁਰਦੇਵ ਸਿੰਘ, ਦਰਸ਼ਨ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ |