02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕਣਕ ਦੀ ਗੁਣਵੱਤਾ ਦੀ ਜਾਂਚ ਲਈ ਪੰਜਾਬ ਦੀਆਂ ਦਾਣਾ ਮੰਡੀਆਂ 'ਚ ਪੁੱਜੀਆਂ ਕੇਂਦਰੀ ਜਾਂਚ ਟੀਮਾਂ

Ad Position 21
No active advertisement
ਅਜੀਤ ਡੈਸਕ 14-04-2026

ਬਠਿੰਡਾ, 13 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਅੰਦਰ ਕਣਕ ਦੀ ਖ਼ਰੀਦ ਦੌਰਾਨ ਭਾਰਤੀ ਖ਼ੁਰਾਕ ਨਿਗਮ (ਐਫ.ਸੀ.ਆਈ.) ਅਤੇ ਕੇਂਦਰੀ ਖਪਤਕਾਰ ਮਾਮਲੇ ਵਿਭਾਗ ਦੀਆਂ ਕੇਂਦਰੀ ਜਾਂਚ ਟੀਮਾਂ ਨੇ ਕਣਕ ਦੀ ਗੁਣਵੱਤਾ ਦਾ ਨਿਰੀਖਣ ਕਰਨ ਲਈ ਸੂਬੇ ਦੀਆਂ ਦਾਣਾ ਮੰਡੀਆਂ 'ਚ ਦਸਤਕ ਦਿੱਤੀ ਹੈ, ਜਿਸ ਕਾਰਨ ਜਿੱਥੇ ਪਹਿਲਾਂ ਹੀ ਧੀਮੀ ਗਤੀ ਨਾਲ ਚੱਲ ਰਹੀ ਖ਼ਰੀਦ ਦਾ ਕੰਮ ਹੋਰ ਹੌਲੀ ਹੋ ਸਕਦਾ ਹੈ, ਉੱਥੇ ਦਾਣਾ ਮੰਡੀਆਂ 'ਚ ਕਣਕ ਦੀ ਬੋਲੀ ਦੀ ਉਡੀਕ ਵਿਚ ਬੈਠੇ ਕਿਸਾਨਾਂ ਦੀ ਉਡੀਕ ਵੀ ਹੋਰ ਲੰਬੀ ਹੋ ਸਕਦੀ ਹੈ | ਕਣਕ ਦੀ ਗੁਣਵੱਤਾ ਸੰਬੰਧੀ ਕੇਂਦਰੀ ਟੀਮਾਂ ਦਾ ਨਤੀਜਾ ਅਤੇ ਫ਼ੈਸਲਾ ਸਾਹਮਣੇ ਆਉਣ ਬਾਅਦ ਹੀ ਕਣਕ ਦੀ ਖ਼ਰੀਦ ਦੇ ਕੰਮ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ | ਇਹ ਜਾਂਚ ਬੇਮੌਸਮੇ ਭਾਰੀ ਮੀਂਹ ਅਤੇ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ 'ਤੇ ਪਏ ਅਸਰ ਕਾਰਨ ਕਣਕ ਦੇ ਦਾਣਿਆਂ ਦਾ ਮਿਆਰ ਜਾਂਚਣ ਲਈ ਕੀਤੀ ਜਾ ਰਹੀ ਹੈ | ਕੇਂਦਰੀ ਜਾਂਚ ਟੀਮਾਂ ਵਲੋਂ ਅੱਜ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਮੋਹਾਲੀ, ਬਨੂੜ, ਡੇਰਾਬੱਸੀ, ਲਾਲੜੂ ਦੀਆਂ ਦਾਣਾ ਮੰਡੀਆਂ ਦਾ ਦੌਰਾ ਕਰਕੇ ਜਾਂਚ ਲਈ ਕਣਕ ਦੇ ਨਮੂਨੇ ਭਰੇ ਗਏ, ਜਦਕਿ ਅਗਲੇ ਪੜਾਅ ਤਹਿਤ ਅੱਜ ਅੰਮਿ੍ਤਸਰ, ਸੰਗਰੂਰ, ਫਤਿਹਗੜ੍ਹ ਸਾਹਿਬ, ਰੋਪੜ ਦੀਆਂ ਦਾਣਾ ਮੰਡੀਆਂ 'ਚ ਕਣਕ ਦੀ ਜਾਂਚ ਕਰਕੇ ਨਮੂਨੇ ਭਰੇ ਜਾਣਗੇ | ਇਸ ਜਾਂਚ ਦੌਰਾਨ ਕਣਕ ਦੀ ਗੁਣਵੱਤਾ ਸੰਬੰਧੀ ਕੁਝ ਮੰਡੀਆਂ ਵਿਚ ਕਈ ਗੰਭੀਰ ਖ਼ਾਮੀਆਂ ਸਾਹਮਣੇ ਆਈਆਂ, ਜਿੰਨ੍ਹਾਂ ਵਿਚ ਕਣਕ ਦੀ ਨਮੀਂ 'ਚ ਤੈਅ 12 ਫ਼ੀਸਦੀ ਤੋਂ ਕਿਤੇ ਵੱਧ 15 ਤੋਂ 18 ਫ਼ੀਸਦੀ ਤੱਕ ਨਮੀਂ ਦਰਜ ਕੀਤੀ ਗਈ ਹੈ ਅਤੇ ਕਣਕ ਦੇ ਦਾਣਿਆਂ ਵਿਚ 60 ਫ਼ੀਸਦੀ ਤੱਕ ਚਮਕ ਦਾ ਘਟਣਾ (ਲਸਟਰ ਲਾਸ), ਦਾਣੇ ਸੁੰਗੜਣ ਅਤੇ ਕੁਝ ਮੰਡੀਆਂ ਵਿਚ ਗਿੱਲੀ ਕਣਕ ਦੀ ਆਮਦ ਦੀ ਸਮੱਸਿਆ ਸਾਹਮਣੇ ਆਈ ਹੈ, ਜਿਸ ਨੂੰ ਜਾਂਚ ਟੀਮਾਂ ਨੇ ਖ਼ਰੀਦ ਦੇ ਮਾਪਦੰਡਾਂ ਦੇ ਅਨੁਕੂਲ ਨਹੀਂ ਮੰਨਿਆ ਹੈ | ਇਹ ਊਣਤਾਈਆਂ ਸਾਹਮਣੇ ਆਉਣ ਬਾਅਦ ਸੂਬੇ ਦੀਆਂ ਸਰਕਾਰੀ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਵੀ ਕਣਕ ਦੀ ਖ਼ਰੀਦ ਕਰਨ ਤੋਂ ਕੁਝ ਝਿਜਕ ਰਹੇ ਹਨ, ਜਿੰਨ੍ਹਾਂ ਦਾ ਕਹਿਣਾ ਹੈ ਕਿ ਉਹ ਖ਼ਰੀਦ ਕਰਨ ਤੋਂ ਮੁਨਕਰ ਨਹੀਂ ਹਨ, ਪਰ ਜੇਕਰ ਇਸ ਮਿਕਦਾਰ ਵਾਲੀ ਕਣਕ ਦੀ ਕੇਂਦਰੀ ਜਾਂਚ ਟੀਮਾਂ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਆਪ ਮੁਹਾਰੇ ਖ਼ਰੀਦ ਕੀਤੀ ਗਈ ਤਾਂ ਉਸ ਦੇ ਭਵਿੱਖ ਹੋਣ ਵਾਲੇ ਨੁਕਸਾਨ ਦੀ ਭਰਪਾਈ ਉਨ੍ਹਾਂ ਨੂੰ ਆਪਣੀਆਂ ਜੇਬਾਂ 'ਚੋਂ ਭਰਨੀ ਪਵੇਗੀ | ਇਸ ਲਈ ਕੇਂਦਰੀ ਜਾਂਚ ਟੀਮਾਂ ਵਲੋਂ ਲਏ ਗਏ ਨਮੂਨਿਆਂ ਸੰਬੰਧੀ ਨਤੀਜਾ ਸਾਹਮਣੇ ਆਉਣ ਅਤੇ ਉਨ੍ਹਾਂ ਵਲੋਂ ਕਣਕ ਖ਼ਰੀਦ ਕਰਨ ਦੇ ਨਵੇਂ ਤੈਅ ਕੀਤੇ ਜਾਣ ਵਾਲੇ ਮਾਪਦੰਡਾਂ ਅਨੁਸਾਰ ਹੀ ਕਣਕ ਦੀ ਖ਼ਰੀਦ ਕੀਤੀ ਜਾਵੇਗੀ | ਦੂਜੇ ਪਾਸੇ ਕੁਝ ਥਾਵਾਂ 'ਤੇ ਖ਼ਰੀਦ ਏਜੰਸੀਆਂ 'ਤੇ ਉੱਚ-ਨਮੀ ਵਾਲੀ ਕਣਕ ਦੀ ਖ਼ਰੀਦ ਕਰਨ ਲਈ ਸਿਆਸੀ ਦਬਾਓ ਪਾਏ ਜਾਣ ਦੇ ਮਾਮਲੇ ਵੀ ਸਾਹਮਣੇ ਆਏ ਹਨ | ਪੰਜਾਬ ਦੀਆਂ ਖ਼ਰੀਦ ਏਜੰਸੀਆਂ ਅਤੇ ਕਿਸਾਨਾਂ ਦੀ ਨਜ਼ਰ ਹੁਣ ਕੇਂਦਰ ਸਰਕਾਰ ਦੇ ਫ਼ੈਸਲੇ 'ਤੇ ਟਿਕੀ ਹੋਈ ਹੈ, ਜਿਸ ਦੇ ਸਾਹਮਣੇ ਆਉਣ ਬਾਅਦ ਹੀ ਪੰਜਾਬ ਅੰਦਰ ਕਣਕ ਦੀ ਖ਼ਰੀਦ ਸੰਬੰਧੀ ਅਗਲੀ ਸਥਿਤੀ ਸਾਫ਼ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਨੇ ਨਗਰ ਨਥਾਣਾ ਵਿਚ ਵਿਕਾਸ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ <br/> ਅਗਲੀ ਖ਼ਬਰ ਡੀ.ਸੀ. ਨੇ ਟਰੇਡਰਜ਼ ਕਮਿਸ਼ਨ ਵਲੋਂ ਪ੍ਰਾਪਤ ਸ਼ਿਕਾਇਤਾਂ ਦਾ ਤੁਰੰਤ ਹੱਲ ਕਰਨ ਲਈ ਕਿਹਾ <br/>
Ad Position 24
No active advertisement