ਬਠਿੰਡਾ, 13 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਕੇਂਦਰੀ ਜੇਲ੍ਹ ਬਠਿੰਡਾ 'ਚ ਨਸ਼ੇ ਦੀ ਕਥਿਤ ਤੌਰ 'ਤੇ ਹੁੰਦੀ ਸਪਲਾਈ ਨੂੰ ਰੋਕਣ ਲਈ ਇਥੇ ਪੰਜਾਬ ਪੁਲਿਸ ਅਤੇ ਕਮਾਂਡੋ ਫੋਰਸ ਦੇ ਨਾਲ-ਨਾਲ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐੱਫ.) ਵੀ ਤਾਇਨਾਤ ਕੀਤੀ ਗਈ ਹੈ, ਪਰ ਹੁਣ ਇਥੇ ਤਾਇਨਾਤ ਸੀ.ਆਰ.ਪੀ.ਐਫ. ਦਾ ਹੀ ਇਕ ਸਿਪਾਹੀ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਗਿਆ ਹੈ, ਜਿਸ 'ਤੇ ਇਹ ਨਸ਼ੀਲੇ ਪਦਾਰਥ ਜੇਲ੍ਹ ਅੰਦਰ ਸਪਲਾਈ ਕਰਨ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ | ਇਸ ਸਿਪਾਹੀ ਦੇ ਖਿਲਾਫ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਕੈਂਟ 'ਚ ਨਸ਼ਾ ਰੋਕੂ ਕਾਨੰੂਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ, ਪਰ ਉਸ ਨੂੰ ਮੁਕੱਦਮਾ ਦਰਜ ਕਰਨ ਉਪਰੰਤ ਜ਼ਮਾਨਤ ਉੱਪਰ ਰਿਹਾਅ ਕਰ ਦਿੱਤਾ ਹੈ | ਇਸ ਸਬੰਧੀ ਥਾਣਾ ਕੈਂਟ ਦੇ ਮੁੱਖ ਅਧਿਕਾਰੀ ਰਘਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰਡੈਂਟ ਅਨੂ ਮਲਿਕ ਨੇ ਦੱਸਿਆ ਹੈ ਕਿ ਬਠਿੰਡਾ ਜੇਲ੍ਹ ਦੀ ਸੁਰੱਖਿਆ 'ਚ ਤਾਇਨਾਤ ਸੀ.ਆਰ.ਪੀ.ਐੱਫ. ਦਾ ਇਕ ਸਿਪਾਹੀ ਡਿਊਟੀ 'ਤੇ ਹਾਜ਼ਰ ਹੋਣ ਲਈ ਜਦੋਂ ਜੇਲ੍ਹ 'ਚ ਦਾਖਲ ਹੋਇਆ ਤਾਂ ਚੱਲ ਰਹੀ ਜਾਂਚ ਦੌਰਾਨ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਲੱਕ ਉੱਪਰ ਬੰਨਿ੍ਹਆ ਹੋਇਆ 158 ਗ੍ਰਾਮ ਜ਼ਰਦਾ ਅਤੇ 1 ਸਿਗਰੇਟਾਂ ਦਾ ਪੈਕਟ ਬਰਾਮਦ ਕੀਤਾ ਗਿਆ ਤੇ ਜਦੋਂ ਉਸ ਨੂੰ ਹਿਰਾਸਤ 'ਚ ਲੈਂਦਿਆਂ ਉਸ ਦੇ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ 23.99 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਅਨੁਸਾਰ ਕਥਿਤ ਦੋਸ਼ੀ ਦੀ ਪਹਿਚਾਣ ਸੀ.ਆਰ.ਪੀ.ਐੱਫ. ਦੇ ਸਿਪਾਹੀ ਰਜਿੰਦਰ ਸਿੰਘ ਵਾਸੀ ਮੰਡੀ ਡੱਬਵਾਲੀ (ਹਰਿਆਣਾ) ਵਜੋਂ ਹੋਈ ਹੈ, ਜਿਸ ਦੇ ਖਿਲਾਫ ਸਹਾਇਕ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ 'ਤੇ ਧਾਰਾ 18ਏ, 61,85 ਐਨ.ਡੀ.ਪੀ.ਸੀ.ਐਕਟ ਅਤੇ 42 ਪਰਿਜ਼ਨ ਐਕਟ 188 ਬੀ.ਐਨ.ਐੱਸ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ਨੂੰ ਇਹ ਜੁਰਮ ਜ਼ਮਾਨਤਯੋਗ ਹੋਣ ਕਰਕੇ ਬਾਅਦ 'ਚ ਜ਼ਮਾਨਤ ਉਪਰ ਰਿਹਾ ਕਰ ਦਿੱਤਾ ਹੈ | ਥਾਣਾ ਮੁਖੀ ਨੇ ਦੱਸਿਆ ਕਿ ਇਹ ਸਿਪਾਹੀ ਆਪਣੀ ਯੂਨਿਟ ਨਾਲ ਅਗਸਤ 2025 'ਚ ਬਠਿੰਡਾ ਜੇਲ੍ਹ ਦੀ ਸੁਰੱਖਿਆ 'ਚ ਤਾਇਨਾਤ ਹੋਇਆ ਸੀ, ਜਿਸ ਦੇ ਖਿਲਾਫ ਪਹਿਲਾਂ ਅਜਿਹਾ ਕੋਈ ਮਾਮਲਾ ਦਰਜ ਨਹੀਂ ਹੈ ਪਰ ਇਸ ਮਾਮਲੇ ਸਬੰਧੀ ਵਿਭਾਗੀ ਕਾਰਵਾਈ ਕਰਨ ਲਈ ਉਸ ਦੀ ਯੂਨਿਟ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਤੇ ਅਗਲੀ ਕਾਰਵਾਈ ਉਸ ਦੀ ਯੂਨਿਟ ਨੇ ਕਰਨੀ ਹੈ |