-ਮਾਮਲਾ ਰੇਤਾ ਬੱਜਰੀ ਕਾਰੋਬਾਰੀ ਵਲੋਂ ਖ਼ੁਦਕੁਸ਼ੀ ਦਾ- ਮਿ੍ਤਕ ਦਾ ਅੰਤਿਮ ਸੰਸਕਾਰ ਕਰਨ ਤੋਂ ਪਰਿਵਾਰ ਹੋਇਆ ਇਨਕਾਰੀ
ਅਜੀਤ ਡੈਸਕ
27-04-2026
ਬਠਿੰਡਾ, 26 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬੀਤੇ ਦਿਨੀਂ ਬਠਿੰਡਾ ਦੇ ਇਕ ਰੇਤਾ-ਬੱਜਰੀ ਕਾਰੋਬਾਰੀ ਸੰਦੀਪ ਕੁਮਾਰ ਸੋਨੂੰ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਮਿ੍ਤਕ ਦੇ ਪਰਿਵਾਰ ਨੇ ਦਰਜ ਮੁਕੱਦਮੇ 'ਚੋਂ ਚਲਾਕੀ ਨਾਲ ਕਥਿਤ ਦੋਸ਼ੀ ਡੀਐੱਸਪੀ ਸਿਟੀ ਅਤੇ ਉਸ ਦੇ ਰੀਡਰ ਦਾ ਨਾਂਅ ਹਟਾਏ ਜਾਣ ਦੇ ਪੁਲਿਸ 'ਤੇ ਧੋਖਾ ਕਰਨ ਦੇ ਵੱਡੇ ਦੋਸ਼ ਲਗਾਏ ਹਨ, ਜਿਸ ਦੇ ਰੋਸ ਵਜੋਂ ਪਰਿਵਾਰ ਨੇ ਮਿ੍ਤਕ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਉਹ ਦਰਜ ਮੁਕੱਦਮੇ ਵਿਚ ਡੀਐੱਸਪੀ ਸਿਟੀ ਅਤੇ ਉਸ ਦੇ ਰੀਡਰ ਦਾ ਨਾਮ ਸ਼ਾਮਲ ਕਰਨ 'ਤੇ ਅੜੇ ਹੋਏ ਹਨ | ਇਸ ਸਬੰਧੀ ਮਿ੍ਤਕ ਦੇ ਭਰਾ ਮਨੀਸ਼ ਕੁਮਾਰ ਦਾ ਕਹਿਣਾ ਸੀ ਉਸ ਨੇ ਆਪਣੇ ਭਰਾ ਸੰਦੀਪ ਵਲੋਂ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਲਿਖੇ ਖ਼ੁਦਕੁਸ਼ੀ ਨੋਟ ਦੇ ਅਧਾਰ 'ਤੇ ਦਰਜ ਕਰਵਾਏ ਬਿਆਨਾਂ 'ਚ ਡੀ.ਐੱਸ.ਪੀ. ਸਿਟੀ ਅਤੇ ਉਸ ਦੇ ਰੀਡਰ 'ਤੇ ਮੁਕੱਦਮਾ ਦਰਜ ਕਰਨ ਲਈ ਹੋਰਾਂ ਸਮੇਤ ਇਨ੍ਹਾਂ ਦੋਵਾਂ ਦਾ ਵੀ ਨਾਂਅ ਲਿਖਵਾਇਆ ਸੀ, ਜਿਸ ਅਨੁਸਾਰ ਕੰਪਿਊਟਰ ਵਿਚ ਦੇਖਣ ਸਮੇਂ ਮੁਕੱਦਮੇ ਵਿਚ ਦੋਵਾਂ ਦਾ ਨਾਂਅ ਮੌਜੂਦ ਸੀ ਪਰ ਜਦੋਂ ਪੁਲਿਸ ਨੇ ਮੁਕੱਦਮੇ ਦਾ ਪਿ੍ੰਟ ਕੱਢਿਆ ਤਾਂ ਚਲਾਕੀ ਵਰਤਦੇ ਹੋਏ ਪੁਲਿਸ ਨੇ ਪਿ੍ੰਟ ਕੱਢਣ ਮੌਕੇ ਚੁਸਤੀ ਨਾਲ ਡੀ.ਐੱਸ.ਪੀ.ਸਿਟੀ ਅਤੇ ਉਸ ਦੇ ਰੀਡਰ ਦਾ ਨਾਂਅ ਮੁਕੱਦਮੇ 'ਚੋਂ ਹਟਾ ਦਿੱਤਾ, ਜਿਸ ਬਾਰੇ ਉਨ੍ਹਾਂ ਨੂੰ ਸਵੇਰੇ ਐਫਆਈਆਰ ਚੰਗੀ ਤਰਾਂ ਵਾਚਣ 'ਤੇ ਪਤਾ ਲੱਗਿਆ, ਜਦਕਿ ਉਸ ਤੋਂ ਪਹਿਲਾਂ ਐਫ.ਆਈ.ਆਰ. 'ਤੇ ਉਨ੍ਹਾਂ ਦੇ ਦਸਤਖ਼ਤ ਕਰਵਾ ਲਏ ਸਨ | ਮਨੀਸ਼ ਨੇ ਕਿਹਾ ਕਿ ਅਜਿਹਾ ਕਰਕੇ ਪੁਲਿਸ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਤੇ ਉਨ੍ਹਾਂ ਦਾ ਪੁਲਿਸ ਨਾਲ ਕੋਈ ਸਮਝੌਤਾ ਨਹੀਂ ਹੋਇਆ ਹੈ¢ ਉਨਾਂ ਕਿਹਾ ਕਿ ਪੁਲਿਸ ਨੇ ਆਪਣੇ ਅਧਿਕਾਰੀ ਨੂੰ ਬਚਾਉਣ ਲਈ ਉਨ੍ਹਾਂ ਨਾਲ ਧੋਖੇਬਾਜ਼ੀ ਕਰਕੇ, ਉਨ੍ਹਾਂ ਦੇ ਹਿਰਦੇ ਨੂੰ ਹੋਰ ਵਲੂੰਧਰਿਆਂ ਹੈ, ਜਿਸ ਲਈ ਉਹ ਉਦੋਂ ਤੱਕ ਆਪਣੇ ਭਰਾ ਦਾ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਇਸ ਮਾਮਲੇ ਵਿਚ ਡੀਐੱਸਪੀ ਸਿਟੀ ਅਤੇ ਉਸ ਦੇ ਰੀਡਰ ਨੂੰ ਨਾਮਜ਼ਦ ਕਰਕੇ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ | ਜ਼ਿਕਰਯੋਗ ਹੈ ਕਿ ਉਕਤ ਕਾਰੋਬਾਰੀ ਨੇ ਇਕ ਜੱਜ ਦੀ ਰੀਡਰ ਅਤੇ ਉਸ ਦੇ ਟਾਈਪਿਸਟ ਪਤੀ ਅਤੇ ਪੁਲਿਸ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਸੀ ਤੇ ਇਸ ਲਈ ਉਕਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਿਸ ਸਬੰਧੀ ਪੁਲਿਸ ਨੇ ਜੱਜ ਦੀ ਰੀਡਰ, ਉਸ ਦੇ ਪਤੀ ਤੇ ਇਕ ਵਕੀਲ ਖਿਲਾਫ ਮੁਕੱਦਮਾ ਦਰਜ ਕਰਕੇ ਪਤੀ-ਪਤਨੀ ਜੋੜੇ ਨੂੰ ਗਿ੍ਫ਼ਤਾਰ ਕਰ ਲਿਆ ਹੈ ਪਰ ਇਸ ਮਾਮਲੇ 'ਚੋਂ ਡੀਐੱਸਪੀ ਸਿਟੀ ਅਤੇ ਉਨ੍ਹਾਂ ਦੇ ਰੀਡਰ ਨੂੰ ਬਾਹਰ ਕਰ ਦਿੱਤਾ ਹੈ, ਜਿਸ ਕਾਰਨ ਮਿ੍ਤਕ ਦਾ ਪਰਿਵਾਰ ਪੁਲਿਸ ਕਾਰਵਾਈ ਤੋਂ ਖ਼ਫ਼ਾ ਹੋ ਕੇ ਮਿ੍ਤਕ ਦਾ ਅੰਤਿਮ ਸੰਸਕਾਰ ਕਰਨ ਤੋਂ ਆਕੀ ਹੋਇਆ ਹੈ ਅਤੇ ਅੱਜ ਤੀਸਰੇ ਦਿਨ ਵੀ ਮਿ੍ਤਕ ਦਾ ਸੰਸਕਾਰ ਨਹੀਂ ਹੋ ਸਕਿਆ |