ਤਲਵੰਡੀ ਸਾਬੋ, 27 ਅਪ੍ਰੈਲ (ਰਣਜੀਤ ਸਿੰਘ ਰਾਜੂ)-ਪੱਛਮੀ ਬੰਗਾਲ 'ਚ ਤਿ੍ਣਮੂਲ ਕਾਂਗਰਸ ਪਾਰਟੀ (ਟੀ.ਐਮ.ਸੀ.) ਦੀ ਜਾਦਵਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਾਇਨੀ ਘੋਸ਼ ਵਲੋਂ ਇਕ ਚੋਣ ਜਲਸੇ ਦੌਰਾਨ ਸਿਰ ਨੰਗਾ ਰੱਖ ਕੇ ਸਿੱਖ ਧਰਮ ਦੇ ਪਵਿੱਤਰ 'ਮੂਲ ਮੰਤਰ' ਦਾ ਜਾਪ ਕਰਨ ਦੀ ਘਟਨਾ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਗੰਭੀਰ ਨੋਟਿਸ ਲੈਂਦਿਆਂ ਉਕਤ ਸੰਸਦ ਮੈਂਬਰ ਨੂੰ ਇਕ ਰਸਮੀ ਪੱਤਰ ਲਿਖ ਕੇ ਸਿੱਖ ਮਰਿਯਾਦਾ ਅਤੇ ਪਰੰਪਰਾਵਾਂ ਪ੍ਰਤੀ ਸੁਚੇਤ ਰਹਿਣ ਦੀ ਤਾਕੀਦ ਕੀਤੀ ਹੈ | ਇਥੋਂ ਜਾਰੀ ਪ੍ਰੈੱਸ ਬਿਆਨ 'ਚ ਦੱਸਿਆ ਗਿਆ ਕਿ ਉਕਤ ਪੱਤਰ 'ਚ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਲਿਖਿਆ ਕਿ ਗੁਰਬਾਣੀ ਦਾ ਜਾਪ ਕਰਨਾ ਜਾਂ ਉਸ ਪ੍ਰਤੀ ਸ਼ਰਧਾ ਰੱਖਣੀ ਸ਼ਲਾਘਾਯੋਗ ਕਾਰਜ ਹੈ, ਪਰ ਗੁਰਬਾਣੀ ਪੜ੍ਹਨ ਜਾਂ ਜਾਪ ਕਰਨ ਸਮੇਂ ਨਿਰਧਾਰਿਤ ਸਿੱਖ ਮਰਯਾਦਾ ਦਾ ਪਾਲਣ ਕਰਨਾ ਵੀ ਲਾਜ਼ਮੀ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਸਿਧਾਂਤਾਂ ਅਨੁਸਾਰ ਗੁਰਬਾਣੀ ਦਾ ਉਚਾਰਨ ਕਰਨ ਸਮੇਂ ਸਿਰ ਢਕਿਆ ਹੋਣਾ ਅਤੇ ਮਰਯਾਦਾ ਦਾ ਪੂਰਨ ਸਤਿਕਾਰ ਕਰਨਾ ਅਤਿ ਜ਼ਰੂਰੀ ਹੈ | ਜਨਤਕ ਸਟੇਜਾਂ ਜਾਂ ਚੋਣ ਜਲਸਿਆਂ ਦੌਰਾਨ, ਜਿੱਥੇ ਹਰ ਤਰ੍ਹਾਂ ਦੇ ਲੋਕ ਮੌਜੂਦ ਹੁੰਦੇ ਹਨ, ਅਜਿਹੀ ਲਾਪ੍ਰਵਾਹੀ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੀ ਹੈ | ਉਨ੍ਹਾਂ ਕਿਹਾ ਕਿ ਜਨਤਕ ਸ਼ਖ਼ਸੀਅਤਾਂ ਨੂੰ ਕਿਸੇ ਵੀ ਧਰਮ ਦੀਆਂ ਧਾਰਮਿਕ ਰਹੁ-ਰੀਤਾਂ ਦੀ ਪਾਲਣਾ ਕਰਦੇ ਸਮੇਂ ਉਸ ਧਰਮ ਦੇ ਨਿਯਮਾਂ ਅਤੇ ਸਤਿਕਾਰ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ | ਜਥੇਦਾਰ ਸਾਹਿਬ ਨੇ ਪੱਤਰ ਰਾਹੀਂ ਸੰਸਦ ਮੈਂਬਰ ਨੂੰ ਹਿਦਾਇਤ ਕੀਤੀ ਹੈ ਕਿ ਭਵਿੱਖ ਵਿਚ ਅਜਿਹੀ ਗ਼ਲਤੀ ਦੁਬਾਰਾ ਨਾ ਕਰਨ |