ਬਠਿੰਡਾ, 27 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਸਮੇਤ ਜ਼ਿਲੇ੍ਹ ਭਰ ਵਿਚ ਕਣਕ ਦੀ ਖ਼ਰੀਦ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ, ਜਿਸ ਵਿਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੇਜ਼ੀ ਆਈ ਹੋਈ ਹੈ | ਬਠਿੰਡਾ ਜ਼ਿਲੇ੍ਹ ਦੀਆਂ 200 ਤੋਂ ਵੱਧ ਦਾਣਾ ਮੰਡੀਆਂ ਵਿਚ 26 ਅਪ੍ਰੈਲ ਤੱਕ 6,87,010 ਮੀਟਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ ਹੈ, ਜਿਸ ਵਿਚੋਂ 6,06,644 ਮੀਟਰਿਕ ਟਨ ਕਣਕ ਦੀ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕੀਤੀ ਜਾ ਚੁੱਕੀ ਹੈ¢ ਜਦਕਿ ਲਗਭਗ 80,366 ਮੀਟਰਿਕ ਟਨ ਕਣਕ ਅਣਵਿਕੀ ਹੈ, ਜਿਸ ਦੀ ਖ਼ਰੀਦ ਪ੍ਰਕਿਰਿਆ ਜਾਰੀ ਹੈ¢ ਸੂਬੇ ਦੀ ਨੋਡਲ ਖ਼ਰੀਦ ਏਜੰਸੀ ਮੰਨੀ ਜਾਂਦੀ ਪਨਗ੍ਰੇਨ ਕਣਕ ਦੀ ਖ਼ਰੀਦ ਕਰਨ ਵਿਚ ਸਭ ਤੋਂ ਮੋਹਰੀ ਹੈ ਜਦਕਿ ਕੇਂਦਰੀ ਖ਼ਰੀਦ ਏਜੰਸੀ ਭਾਰਤੀ ਖ਼ੁਰਾਕ ਨਿਗਮ (ਐਫ. ਸੀ. ਆਈ.) ਨੇ ਅਜੇ ਤੱਕ ਕਣਕ ਦਾ ਇਕ ਵੀ ਦਾਣਾ ਨਹੀਂ ਖ਼ਰੀਦਿਆ ਹੈ | ਹੁਣ ਤੱਕ ਪੰਜਾਬ ਦੀਆਂ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਕੀਤੀ ਗਈ ਖ਼ਰੀਦ 'ਤੇ ਨਿਗ੍ਹਾ ਮਾਰੀ ਜਾਵੇ ਤਾਂ ਵਿਭਾਗੀ ਰਿਪੋਰਟ ਅਨੁਸਾਰ ਪਨਗ੍ਰੇਨ ਨੇ 2,08,062 ਮੀਟਰਿਕ ਟਨ, ਮਾਰਕਫੈੱਡ ਨੇ 1,42,429 ਮੀਟਰਿਕ ਟਨ, ਪਨਸਪ ਨੇ 1,47,064 ਮੀਟਰਿਕ ਟਨ ਅਤੇ ਪੰਜਾਬ ਵੇਅਰ ਹਾਊਸ ਨੇ 1,08,794 ਮੀਟਰਿਕ ਟਨ ਦੀ ਖ਼ਰੀਦ ਕੀਤੀ ਹੈ | ਜਦਕਿ ਕੁਝ ਪ੍ਰਾਈਵੇਟ ਏਜੰਸੀਆਂ ਨੇ ਵੀ 295 ਮੀਟਰਿਕ ਟਨ ਕਣਕ ਖਰੀਦੀ ਹੈ | ਸਾਰੀਆਂ ਏਜੰਸੀਆਂ ਦੀ ਇਹ ਕੁਲ ਖ਼ਰੀਦ 6,06,644 ਮੀਟਰਿਕ ਟਨ ਬਣਦੀ ਹੈ | ਇਸ ਵਿਚੋਂ ਹੁਣ ਤੱਕ 10,060 ਮੀਟਰਿਕ ਟਨ ਕਣਕ ਦੀ ਚੁਕਾਈ ਹੋ ਚੁੱਕੀ ਹੈ ਜਦਕਿ ਲਗਭਗ 10,300 ਮੀਟਰਿਕ ਟਨ ਕਣਕ ਚੁੱਕਣ ਵਾਲੀ ਰਹਿੰਦੀ ਹੈ, ਜਿਸ ਨੂੰ ਚੁੱਕਣ ਲਈ ਲਗਾਤਾਰ ਕੰਮ ਚੱਲ ਰਿਹਾ ਹੈ ਪਰ ਵਿਚਕਾਰ ਸਪੈਸ਼ਲਾਂ ਭਰਨ ਦਾ ਕੰਮ ਆਉਣ ਕਰਕੇ ਕਣਕ ਦੀ ਚੁਕਾਈ ਦਾ ਕੰਮ ਕੁਝ ਜ਼ਰੂਰ ਪ੍ਰਭਾਵਿਤ ਹੋਇਆ ਹੈ | ਜ਼ਿਲੇ੍ਹ ਅੰਦਰ ਕਣਕ ਦੀ ਇਨ੍ਹਾਂ ਦਿਨਾਂ ਵਿਚ ਆਮਦ ਦੀ ਪਿਛਲੇ ਸਾਲ ਦੀ ਤੁਲਨਾ ਕਰੀਏ ਤਾਂ ਇਸ ਵਾਰ ਆਮਦ ਵਿਚ ਵਾਧਾ ਦਰਜ ਕੀਤਾ ਗਿਆ ਹੈ, ਪਿਛਲੇ ਸਾਲ ਹੁਣ ਤੱਕ 6,14,727 ਮੀਟਰਿਕ ਟਨ ਆਮਦ ਹੋਈ ਸੀ | ਇਸ ਸਬੰਧੀ ਜ਼ਿਲ੍ਹਾ ਮੰਡੀ ਅਧਿਕਾਰੀ ਗੌਰਵ ਗਰਗ ਦਾ ਕਹਿਣਾ ਸੀ ਕਿ ਜ਼ਿਲ੍ਹੇ ਵਿਚ ਕਣਕ ਦੀ ਖ਼ਰੀਦ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ ਤੇ ਨਾਲੋਂ-ਨਾਲ ਲਿਫਟਿੰਗ ਦਾ ਕੰਮ ਵੀ ਯਕੀਨੀ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਖ਼ਰੀਦ ਦੌਰਾਨ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਵਲੋਂ ਕਿਸਾਨਾਂ ਨੂੰ ਪਹਿਲੇ ਦਿਨ ਤੋਂ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਹੈ ਤੇ ਖ਼ਰੀਦ ਦੇ ਅੰਤਿਮ ਸਮੇਂ ਤੱਕ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਕਣਕ ਦਾ ਦਾਣਾ-ਦਾਣਾ ਖ਼ਰੀਦਣ ਲਈ ਵਚਨਬੱਧ ਹੈ |