ਬਠਿੰਡਾ, 27 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਕਰਾਟੇ ਆਰਗੇਨਾਈਜ਼ੇਸ਼ਨ ਵਲੋਂ ਸੇਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਜ਼ਿਲ੍ਹਾ ਬਠਿੰਡਾ ਕਰਾਟੇ ਚੈਂਪੀਅਨਸ਼ਿਪ 2026 ਦਾ ਸਫਲ ਆਯੋਜਨ ਕੀਤਾ ਗਿਆ | ਸੰਸਥਾ ਦੇ ਜਨਰਲ ਸਕੱਤਰ ਸੁਨੀਲ ਕੁਮਾਰ ਸ਼ਰਮਾ ਦੀ ਦੇਖ-ਰੇਖ ਹੇਠ ਹੋਈ ਚੈਂਪੀਅਨਸ਼ਿਪ ਦੇ ਉਦਘਾਟਨ ਮੌਕੇ ਡਾ. ਰਾਜੂ ਢੱਡੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਕੀਤੀ | ਉਨ੍ਹਾਂ ਨਾਲ ਖੇਡ ਅਫ਼ਸਰ ਪਰਮਿੰਦਰ ਸਿੰਘ ਅਤੇ ਸਕੂਲ ਦੇ ਫਾਦਰ ਬਰਜੇਸ਼ ਬੀ ਬੈਨੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ | ਮਹਿਮਾਨਾਂ ਵਲੋਂ ਦੀਵਾ ਜਗ੍ਹਾ ਕੇ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ | ਚੈਂਪੀਅਨਸ਼ਿਪ ਵਿਚ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਜ਼ੋਨਾਂ ਗੋਨਿਆਣਾ, ਰਾਮਪੁਰਾ, ਤਲਵੰਡੀ ਸਾਬੋ, ਮੌੜ ਮੰਡੀ, ਬਠਿੰਡਾ-1, ਬਠਿੰਡਾ-2 ਤੋਂ ਚੁਣੇ ਹੋਏ ਖਿਡਾਰੀਆਂ ਨੇ ਭਾਗ ਲਿਆ | ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਖੇਡ ਭਾਵਨਾ ਦਾ ਪ੍ਰਗਟਾਵਾ ਕੀਤਾ | ਉਕਤ ਜ਼ੋਨਾਂ ਵਿਚੋਂ ਰਾਮਪੁਰਾ ਜ਼ੋਨ ਨੇ ਪਹਿਲਾ ਸਥਾਨ, ਬਠਿੰਡਾ-2 ਜ਼ੋਨ ਨੇ ਦੂਜਾ ਸਥਾਨ ਅਤੇ ਮੌੜ ਮੰਡੀ ਜੋਨ ਨੇ ਤੀਜਾ ਸਥਾਨ ਹਾਸਲ ਕੀਤਾ, ਜਦੋਂ ਕਿ ਗੋਨਿਆਣਾ ਜ਼ੋਨ ਓਵਰਆਲ ਵਿਜੇਤਾ ਰਿਹਾ | ਸਮਾਪਤੀ ਸਮਾਰੋਹ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ. ਮਮਤਾ ਸੇਠੀ ਮੁੱਖ ਮਹਿਮਾਨ ਵਜੋਂ ਪਹੁੰਚੇ | ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ | ਸੰਸਥਾ ਦੇ ਜਨਰਲ ਸਕੱਤਰ ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜੇਤੂ ਖਿਡਾਰੀ ਹੁਣ 9-10 ਮਈ ਨੂੰ ਪਟਿਆਲਾ ਵਿਚ ਹੋਣ ਵਾਲੀ ਸਬ ਜੂਨੀਅਰ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ਵਿਚ ਜ਼ਿਲ੍ਹਾ ਬਠਿੰਡਾ ਦੀ ਨੁਮਾਇੰਦਗੀ ਕਰਨਗੇ | ਚੈਂਪੀਅਨਸ਼ਿਪ ਕਰਵਾਉਣ ਲਈ ਸੰਸਥਾ ਦੇ ਸਾਰੇ ਮੈਂਬਰ ਵਰਿੰਦਰ ਸਿੰਘ, ਰੋਹਿਤ ਸ਼ਰਮਾ, ਸਾਨੀ ਸਿੰਘ, ਨੀਰੂ ਮਿੱਤਲ, ਬੰਧਨਾ, ਮੁਨਿਕ ਕੁਮਾਰ, ਮਨਪ੍ਰੀਤ ਕੌਰ ਅਤੇ ਵਰਖਾ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ |