ਆਂਗਣਵਾੜੀ ਮੁਲਾਜ਼ਮਾਂ ਨੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਮੰਗ-ਪੱਤਰ ਦਿੱਤਾ ਤਿੱਖੇ ਸੰਘਰਸ਼ ਦੀ ਦਿੱਤੀ ਚਿਤਾਵਨੀ
ਬੁਢਲਾਡਾ, 24 ਅਕਤੂਬਰ (ਸੁਨੀਲ ਮਨਚੰਦਾ)- ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵਲੋਂ ਸੀ. ਡੀ.
ਬੁਢਲਾਡਾ, 24 ਅਕਤੂਬਰ (ਸੁਨੀਲ ਮਨਚੰਦਾ)- ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵਲੋਂ ਸੀ.ਡੀ.ਪੀ.ਓ. ਦਫ਼ਤਰ ਰਾਹੀਂ ਮੰਗ ਪੱਤਰ ਮਹਿਕਮੇ ਦੇ ਸਕੱਤਰ ਨੂੰ ਭੇਜ ਕੇ ਮੰਗ ਕੀਤੀ ਗਈ ਕਿ ਸੂਬੇ ਦੇ ਆਂਗਣਵਾੜੀ ਕੇਂਦਰਾਂ ’ਚ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਤਾਜ਼ਾ ਪਕਾਇਆ ਹੋਇਆ ਗਰਮ ਭੋਜਨ ਮੁਹੱਈਆ ਕਰਵਾਇਆ ਜਾਵੇ। ਜਥੇਬੰਦੀ ਦੀ ਸੂਬਾਈ ਆਗੂ ਰਣਜੀਤ ਕੌਰ ਬਰੇਟਾ ਨੇ ਕਿਹਾ ਕਿ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਕੁਪੋਸ਼ਣ ਦੀ ਰੋਕਥਾਮ ਅਤੇ ਉਨ੍ਹਾਂ ਦੀ ਸਿਹਤ ਸੰਭਾਲ ਲਈ ਬਹੁਤ ਮਹੱਤਵਪੂਰਨ ਹੈ ਪਰ ਪੰਜਾਬ ’ਚ ਪੋਸ਼ਣ ਟਰੈਕ ਦੇ ਨਾਂਅ ’ਤੇ ਬੱਚਿਆਂ ਨੂੰ ਇਸ ਸਹੂਲਤ ਤੋਂ ਵਾਂਝਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਆਈ.ਸੀ.ਡੀ.ਐਸ. ਸਕੀਮ ਦੇ ਉਦੇਸ਼ ’ਤੇ ਗੰਭੀਰ ਸਵਾਲ ਖੜੇ੍ਹ ਕਰਦਾ ਹੈ। ਉਨ੍ਹਾਂ ਕਿਹਾ ਕਿ ਪੋਸ਼ਣ ਟਰੈਕ ’ਤੇ 25 ਦਿਨਾਂ ਦੀ ਹਾਜ਼ਰੀ ਪੂਰੀ ਨਾ ਹੋਣ ਦੀ ਸ਼ਰਤ ਲਗਾ ਕੇ ਕਈ ਆਂਗਣਵਾੜੀ ਕੇਂਦਰਾਂ ਦਾ ਐਚ.ਸੀ.ਐਮ. ਜਾਰੀ ਨਹੀਂ ਕੀਤਾ ਗਿਆ, ਬੱਚਿਆਂ ਨੂੰ ਗਰਮ ਪੱਕਿਆ ਭੋਜਨ ਦੇਣ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ 25 ਦਿਨਾਂ ਦੀ ਪੋਸ਼ਣ ਟਰੈਕ ਹਾਜ਼ਰੀ ਦੀ ਸ਼ਰਤ ਕਾਰਨ ਬੱਚਿਆਂ ਨੂੰ ਗਰਮ ਪੱਕੇ ਭੋਜਨ ਤੋਂ ਵਾਂਝੇ ਕਰਨ ਦੀ ਨੀਤੀ ਬੰਦ ਕੀਤੀ ਜਾਵੇ, ਪੰਜਾਬ ਦੇ ਸਾਰੇ ਆਂਗਣਵਾੜੀ ਕੇਂਦਰਾਂ ’ਚ ਬੱਚਿਆਂ ਨੂੰ ਨਿਯਮਤ ਤੌਰ ’ਤੇ ਖਾਣਾ ਤਾਜ਼ਾ ਪਕਾਇਆ ਹੋਇਆ ਪੌਸ਼ਟਿਕ ਭੋਜਨ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਸਲੇ ਦਾ ਤੁਰੰਤ ਹੱਲ ਨਾ ਕੀਤਾ ਤਾਂ ਯੂਨੀਅਨ ਵਲੋਂ ਡਾਇਰੈਕਟਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਕਮਲਜੀਤ ਕੌਰ, ਮਨਜੀਤ ਕੌਰ ਬੀਰੋਕੇ, ਸੁਮਨ ਲਤਾ, ਜੋਤੀ ਰਾਣੀ, ਗੋਲੋ ਦੇਵੀ, ਗਗਨਦੀਪ ਕੌਰ, ਬਲਵਿੰਦਰ ਕੌਰ ਬਹਾਦਰਪੁਰ, ਬਸੀਰਾਂ, ਸੁਮਨ ਗਰਗ, ਸੁਖਪਾਲ ਕੌਰ ਆਦਿ ਹਾਜ਼ਰ ਸਨ।