ਨੂਰਪੁਰ ਬੇਦੀ, 2 ਜਨਵਰੀ (ਪ. ਪ.)-ਐੱਸ. ਐੱਸ. ਪੀ. ਰੂਪਨਗਰ ਗੁਲਨੀਤ ਸਿੰਘ ਖੁਰਾਣਾ, ਗੁਰਦੀਪ ਸਿੰਘ ਗੋਸਲ ਪੁਲਿਸ ਕਪਤਾਨ, ਡੀ. ਐੱਸ. ਪੀ. ਸ੍ਰੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਨਸ਼ੇ ਨੂੰ ਠੱਲ੍ਹ ਪਾਉਣ ਅਤੇ ਮਾੜਿਆਂ ਅਨਸਰਾਂ ਨੂੰ ਕਾਬੂ ਕਰਨ ਵਿਚ ਨੂਰਪੁਰ ਬੇਦੀ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਅੱਠ ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਮੁਖੀ ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਜਦੋਂ ਹੌਲਦਾਰ ਗੌਰਵ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਪਿੰਡ ਹਿਆਤਪੁਰ ਤੋਂ ਗੋਪਾਲਪੁਰ ਨੂੰ ਜਾਂਦੀ ਲਿੰਕ ਰੋਡ ਤੇ ਸੀ ਤੇ ਇਸ ਦੌਰਾਨ ਜਦੋਂ ਉਹ ਪਿੰਡ ਹਿਆਤਪੁਰ ਤੋਂ ਗੋਪਾਲਪੁਰ ਸਾਈਡ ਬਾਗ ਲਾਗੇ ਪਹੰੁਚੇ ਤਾਂ ਸ਼ਾਮ ਦੇ 7 ਵਜੇ ਦੇ ਕਰੀਬ ਇੱਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ, ਜਿਸ 'ਤੇ 2 ਨੌਜਵਾਨ ਬੈਠੇ ਸਨ, ਜਿਨ੍ਹਾਂ ਵਿਚੋਂ ਪਿੱਛੇ ਬੈਠੇ ਨੌਜਵਾਨ ਨੇ ਆਪਣੀ ਜੇਬ ਵਿਚੋਂ ਮੋਮੀ ਪਲਾਸਟਿਕ ਦਾ ਲਿਫ਼ਾਫ਼ਾ ਸੜਕ ਦੀ ਸਾਈਡ ਤੇ ਸੁੱਟ ਦਿੱਤਾ | ਸ਼ੱਕ ਦੇ ਆਧਾਰ ਤੇ ਜਦੋਂ ਉਨਾਂ ਨੂੰ ਕਾਬੂ ਕਰਕੇ ਉਨਾਂ ਦਾ ਨਾਮ ਪਤਾ ਪੁੱਛਿਆ ਗਿਆ ਤਾਂ ਮੋਟਰਸਾਈਕਲ ਦੇ ਚਾਲਕ ਨੌਜਵਾਨ ਨੇ ਆਪਣਾ ਨਾਮ ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਕਰਮ ਸਿੰਘ ਵਾਸੀ ਪਿੰਡ ਸਰਾਏ ਥਾਣਾ ਨੂਰਪੁਰ ਬੇਦੀ ਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਂਅ ਬਲਵਿੰਦਰ ਸਿੰਘ ਉਰਫ਼ ਬੁਲੀ ਪੁੱਤਰ ਜਰਨੈਲ ਸਿੰਘ ਬਾਸੀ ਭਾਉਵਾਲ ਦੱਸਿਆ | ਨੌਜਵਾਨ ਵਲੋਂ ਸੁੱਟੇ ਮੋਮੀ ਲਿਫ਼ਾਫ਼ੇ ਨੂੰ ਚੈੱਕ ਕਰਨ ਤੇ ਉਸ ਵਿਚੋਂ ਅੱਠ ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜਿਸ ਤੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |