ਰੂਪਨਗਰ, 30 ਜਨਵਰੀ (ਗੁਰਪ੍ਰੀਤ ਸਿੰਘ ਹੁੰਦਲ)-ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ, ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ ਅਤੇ ਜ਼ਿਲ੍ਹਾ ਤਪਦਿਕ ਅਫ਼ਸਰ ਡਾ. ਡੋਰੀਆ ਬੱਗਾ, ਡਾ. ਰੂਹਪ੍ਰੀਤ ਕੌਰ ਤੇ ਸਮੂਹ ਸਟਾਫ਼ ਦੀ ਮੋਜੂਦਗੀ ਵਿਚ ਅੱਜ ਲੋੜਵੰਦ 27 ਟੀ. ਬੀ. ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ, ਤਾਂ ਜੋ ਮਰੀਜ਼ਾਂ ਨੂੰ ਦਵਾਈ ਦੇ ਨਾਲ-ਨਾਲ ਪੋਸ਼ਟਿਕ ਆਹਾਰ ਵੀ ਦਿੱਤਾ ਜਾ ਸਕੇ | ਇਸ ਦੇ ਨਾਲ ਹੀ ਸਿਵਲ ਹਸਪਤਾਲ ਰੂਪਨਗਰ ਵਿਖੇ ਅੱਜ ਰਾਸ਼ਟਰੀ ਤਪਦਿਕ ਇਲੈਮੀਨੇਸ਼ਨ ਪ੍ਰੋਗਰਾਮ ਅਧੀਨ ਪ੍ਰਧਾਨ ਮੰਤਰੀ ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਮੁਹਿੰਮ ਸ਼ੁਰੂ ਕੀਤੀ ਗਈ | ਇਸ ਮੌਕੇ ਸਿਵਲ ਸਰਜਨ ਡਾ. ਨਵਰੂਪ ਕੌਰ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿਖੇ ਟੀ. ਬੀ. ਮੁਕਤ ਅਭਿਆਨ ਤਹਿਤ ਟੀ.ਬੀ ਦੀ ਬਿਮਾਰੀ ਦੀ ਜਲਦੀ ਪਛਾਣ ਕਰਕੇ ਭਾਰਤ ਦੇਸ਼ ਨੂੰ ਟੀ.ਬੀ ਮੁਕਤ ਦੇਸ਼ ਬਣਾਉਣ ਲਈ ਤਨਦੇਹੀ ਨਾਲ ਸੇਵਾ ਨਿਭਾਉਣ ਦੀ ਲੋੜ ਹੈ | ਇਸ ਦੌਰਾਨ ਉਨ੍ਹਾਂ ਦੱਸਿਆ ਕਿ ਟੀ. ਬੀ. ਦੇ ਲੱਛਣ ਜਿਵੇ ਕਿ ਦੋ ਹਫਤਿਆ ਤੋ ਵੱਧ ਖਾਂਸੀ, ਭੁੱਖ ਘਟਣਾ, ਬੁਖਾਰ ਹੋਣਾ, ਛਾਤੀ ਵਿਚ ਦਰਦ ਹੋਣਾ ਅਤੇ ਵਜਨ ਦਾ ਘੱਟ ਜਾਣਾ ਆਦਿ ਟੀ.ਬੀ ਦੇ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਵਿਚ ਉਕਤ ਲੱਛਣ ਪਾਏ ਜਾਣ ਦੀ ਸੂਰਤ ਵਿਚ ਤੁਰੰਤ ਨਜਦੀਕੀ ਸਰਕਾਰੀ ਸਿਹਤ ਕੇਂਦਰ ਵਿਚ ਲੈ ਕੇ ਜਾਣਾ ਚਾਹੀਦਾ ਹੈ | ਟੀ. ਬੀ. ਲਾ-ਇਲਾਜ ਨਹੀ ਹੈ | ਇਹ ਬਿਮਾਰੀ ਇਲਾਜ ਯੋਗ ਹੈ | ਡੋਟਸ ਇਸ ਦਾ ਪੱਕਾ ਇਲਾਜ ਹੈ | ਇਸ ਦਾ ਇਲਾਜ ਸਾਰੇ ਹੀ ਸਰਕਾਰੀ ਹਸਪਤਾਲਾਂ ਅਤੇ ਡਿਸਪੈਸਰੀਆਂ ਵਿਚ ਕਰਮਚਾਰੀਆ ਦੀ ਨਿਗਰਾਨੀ ਹੇਠ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਅਧੂਰਾ ਕੋਰਸ ਟੀ. ਬੀ. ਨੂੰ ਲਾ-ਇਲਾਜ ਬਣਾ ਦਿੰਦਾ ਹੈ | ਟੀ. ਬੀ. ਦੀ ਬਿਮਾਰੀ ਹੋਣ ਤੋਂ ਮਰੀਜ ਨੂੰ ਘਬਰਾਉਣਾ ਨਹੀ ਚਾਹੀਦਾ | ਟੀ.ਬੀ ਦੇ ਮਰੀਜ ਚੰਗੀ ਖੁਰਾਕ ਲੈ ਕੇ ਤੰਦਰੁਸਤ ਹੋ ਸਕਦੇ ਹਨ | ਇਸ ਮੌਕੇ ਉਨ੍ਹਾਂ ਉੱਚ-ਅਧਿਕਾਰੀਆ ਵਲੋਂ ਜ਼ਿਲ੍ਹਾ ਰੂਪਨਗਰ ਦੇ ਲੋਕਾਂ ਨੂੰ ਵੱਧ ਤੋ ਵੱਧ ਨਿਕਸ਼ੈ ਮਿੱਤਰਤਾ ਬਣਨ ਦੀ ਅਪੀਲ ਕੀਤੀ ਗਈ ਜਿਸ ਨਾਲ ਵੱਧ ਤੋ ਵੱਧ ਲੋੜਵੰਦ ਟੀ. ਬੀ. ਮਰੀਜਾਂ ਦੀ ਮਦਦ ਕੀਤੀ ਜਾ ਸਕੇ |