ਸ੍ਰੀ ਅਨੰਦਪੁਰ ਸਾਹਿਬ, 30 ਜਨਵਰੀ (ਕਰਨੈਲ ਸਿੰਘ)-ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਰੂਪਨਗਰ ਦੀ ਇੱਥੋਂ ਦੇ ਇੱਕ ਹੋਟਲ ਵਿਖੇ ਨਵੀਂ ਚੋਣ ਕੀਤੀ ਗਈ, ਜਿਸ ਵਿਚ ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਸਕੱਤਰ ਪ੍ਰੇਮ ਸਿੰਘ ਉਚੇਚੇ ਤੌਰ 'ਤੇ ਸ਼ਾਮਲ ਹੋਏ ਅਤੇ ਸੁਖਦੇਵ ਸਿੰਘ ਕਾਹਲੋਂ ਅਤੇ ਪ੍ਰਦੀਪ ਕੁਮਾਰ ਡੋਗਰਾ ਬਤੌਰ ਆਬਜ਼ਰਵਰ ਮੀਟਿੰਗ 'ਚ ਸ਼ਾਮਲ ਸਨ | ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਉਲੰਪੀਅਨ ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਚੋਣ ਅਬਜ਼ਰਬਰਾਂ ਦੀ ਨਿਗਰਾਨੀ 'ਚ ਪੰਜਾਬ ਪੁਲਿਸ 'ਚ ਬਤੌਰ ਡੀ.ਆਈ.ਜੀ. ਸੇਵਾਵਾਂ ਨਿਭਾਅ ਰਹੇ ਦਲਜੀਤ ਸਿੰਘ ਰਾਣਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਤੇ ਅਥਲੈਟਿਕਸ ਕੋਚ ਜਗਬੀਰ ਸਿੰਘ ਜੱਗਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਹਾਜ਼ਰੀਨ ਮੈਂਬਰਾਂ ਦੀ ਸਹਿਮਤੀ ਨਾਲ ਪਿੰ੍ਰ: ਬਲਵਿੰਦਰ ਸਿੰਘ ਸਮੁੰਦੜੀਆਂ ਨੂੰ ਐਸੋਸੀਏਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਦਲਜੀਤ ਸਿੰਘ ਰਾਣਾ ਨੇ ਕਿਹਾ ਕਿ ਉਹ ਜ਼ਿਲ੍ਹੇ ਦੇ ਸਮੂਹ ਖਿਡਾਰੀਆਂ, ਖੇਡ ਪ੍ਰੇਮੀਆਂ, ਵੱਖ-ਵੱਖ ਖੇਡ ਕਲੱਬਾਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਜ਼ਿਲ੍ਹਾ ਨੂੰ ਅਥਲੈਟਿਕਸ ਦੇ ਖੇਤਰ 'ਚ ਬੁਲੰਦੀਆਂ ਦੇ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਇਸ ਤੋਂ ਪਹਿਲਾਂ ਉਲੰਪੀਅਨ ਰਣਜੀਤ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਬਾਕੀ ਅਹੁਦੇਦਾਰਾਂ ਦੀ ਚੋਣ ਉਕਤ ਤਿੰਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਵਲੋਂ ਆਪਸੀ ਸਲਾਹ ਮਸ਼ਵਰੇ ਨਾਲ ਕੀਤੀ ਜਾਵੇਗੀ | ਮੀਟਿੰਗ 'ਚ ਹਾਜ਼ਰ ਐਡਵੋਕੇਟ ਸੰਦੀਪ ਸਿੰਘ, ਐਡਵੋਕੇਟ ਵਰਿੰਦਰਜੀਤ ਸਿੰਘ ਤੇ ਐਡਵੋਕੇਟ ਵਰਿੰਦਰ ਸਿੰਘ ਨੇ ਐਸੋਸੀਏਸ਼ਨ ਦੀ ਹੋਈ ਚੋਣ 'ਤੇ ਇਤਰਾਜ਼ ਪ੍ਰਗਟਾਉਂਦਿਆਂ ਦੋਸ਼ ਲਗਾਇਆ ਕਿ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਸਕੱਤਰ ਚੁਣੇ ਗਏ ਜਗਬੀਰ ਸਿੰਘ ਜੱਗਾ ਦਾ ਰੂਪਨਗਰ ਜ਼ਿਲ੍ਹੇ ਨਾਲ ਕੋਈ ਸਬੰਧ ਨਹੀਂ ਹੈ | ਉਨ੍ਹਾਂ ਕਿਹਾ ਕਿ ਉਹ ਇਸ ਚੋਣ ਖ਼ਿਲਾਫ਼ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ | ਮੀਟਿੰਗ 'ਚ ਹਾਜ਼ਰ ਸਮੂਹ ਪਤਵੰਤਿਆਂ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕਰਦਿਆਂ ਵਧਾਈਆਂ ਵੀ ਦਿੱਤੀਆਂ | ਇਸ ਮੌਕੇ ਉਲੰਪੀਅਨ ਪਰਮਜੀਤ ਸਿੰਘ, ਕੈਪਟਨ ਬਹਾਦਰ ਸਿੰਘ ਬਰੂਵਾਲ, ਪਿ੍ੰ ਸੁਰਜੀਤ ਸਿੰਘ ਖੱਟੜਾ, ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਭੀਰੀ, ਸਮਾਜਸੇਵੀ ਜੁਗਰਾਜ ਸਿੰਘ ਸੈਣੀ, ਅਥਲੈਟਿਕਸ ਕੋਚ ਅੰਮਿ੍ਤ ਕੌਰ, ਬਜੁਰਗ ਦੌੜਾਕ ਬਾਬਾ ਕੁਲਵਿੰਦਰ ਸਿੰਘ, ਰਜਿੰਦਰ ਸਿੰਘ, ਕੈਪਟਨ ਦਰਸ਼ਨ ਸਿੰਘ, ਪਿ੍ੰ: ਸੁਖਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |