ਰੂਪਨਗਰ, 30 ਜਨਵਰੀ (ਗੁਰਪ੍ਰੀਤ ਸਿੰਘ ਹੁੰਦਲ)-ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵਲੋਂ ਭਗਤ ਰਵਿਦਾਸ ਮਹਾਰਾਜ ਜੀ ਦੇ 649ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਮੁਹੱਲਾ ਚੰਦਰਗੜ੍ਹ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਤੋਂ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਾਲੀ ਗੱਡੀ ਨੂੰ ਸੁੰਦਰ ਢੰਗ ਨਾਲ ਫੁੱਲਾਂ ਨਾਲ ਸਜਾਇਆ ਗਿਆ ਸੀ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਕੇ ਪੁਲ ਬਜ਼ਾਰ, ਸਬਜ਼ੀ ਮੰਡੀ, ਗੁਰਦੁਆਰਾ ਸਿੰਘ ਸਭਾ ਰੋਪੜ, ਬੇਲਾ ਚੌਂਕ ਤੋਂ ਹਸਪਤਾਲ ਰੋਡ ਹੁੰਦਾ ਹੋਇਆ ਸਰਹਿੰਦ ਨਹਿਰ ਰੋਡ ਤੋਂ ਬਾਅਦ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਸ਼ਬਦੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਦੇ ਸੰਤ ਬਾਬਾ ਅਵਤਾਰ ਸਿੰਘ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਸਤਿਆਲ, ਭਾਜਪਾ ਆਗੂ ਜਗਦੀਸ਼ ਚੰਦਰ ਕਾਜਲਾ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਭਾਗ ਸਿੰਘ ਚੰਦੜ, ਕਾਮਰੇਡ ਸੁਰਜੀਤ ਲਾਲ ਸੀਨੀਅਰ ਮੀਤ ਪ੍ਰਧਾਨ, ਮੁੱਖ ਸਲਾਹਕਾਰ ਕਾਮਰੇਡ ਗੁਰਦੇਵ ਸਿੰਘ ਬਾਗੀ, ਖ਼ਜ਼ਾਨਚੀ ਹਰਚਰਨ ਸਿੰਘ, ਕਰਮਜੀਤ ਸਿੰਘ ਕੰਮਾ, ਗੁਰਜੀਤ ਸਿੰਘ ਲਾਡਲ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ | ਪ੍ਰਧਾਨ ਜਥੇਦਾਰ ਭਾਗ ਸਿੰਘ ਚੰਦੜ ਨੇ ਦੱਸਿਆ ਕਿ 1 ਫਰਵਰੀ ਨੂੰ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਸਵੇਰੇ 10 ਵਜੇ ਪਾਏ ਜਾਣਗੇ ਅਤੇ ਧਾਰਮਿਕ ਦੀਵਾਨ ਸਜਾਇਆ ਜਾਵੇਗਾ |