ਨੰਗਲ, 30 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਮੇਰੇ ਲਈ ਟਰੱਕ ਓਪਰੇਟਰਜ਼ ਭਾਈਚਾਰਾ ਤੇ ਸੁਸਾਇਟੀ ਦੇ ਹਿਤ ਸਭ ਤੋ ਮਹੱਤਵਪੂਰਨ ਹਨ, ਇਸ ਲਈ ਟਰੱਕ ਓਪਰੇਟਰਜ਼ ਦੇ ਹੱਕਾਂ ਤੇ ਹਿਤਾਂ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਹੋਵੇਗਾ | ਇਸ ਗੱਲ ਦਾ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਰਦੇ ਹੋਏ ਕਿਹਾ ਕਿ ਨੰਗਲ ਦੀ ਟਰੱਕ ਓਪਰੇਟਰਜ਼ ਸੁਸਾਇਟੀ ਜੋ ਇਸ ਇਲਾਕੇ ਦੇ ਹਜ਼ਾਰਾ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਹੈ, ਉਸ ਵਿਚ ਬੇਨਿਯਮੀਆਂ ਅਤੇ ਫ਼ੰਡਾਂ ਦੀ ਦੁਰਵਰਤੋਂ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋ ਬਾਅਦ ਇਸ ਦੀ ਪੜਤਾਲ ਸਹਾਇਕ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਤੋ ਕਰਵਾਈ ਗਈ, ਜ਼ਿਨ੍ਹਾਂ ਨੇ ਆਪਣੀ ਪੜਤਾਲੀਆਂ ਰਿਪੋਰਟ ਵਿਚ ਸਪਸ਼ਟ ਕੀਤਾ ਕਿ ਦੀ ਨੰਗਲ ਸਹਿਕਾਰੀ ਟਰੱਕ ਓਪਰੇਟਰਜ਼ ਗੁਡਜ਼ ਕੈਰੀਅਰ ਟਰਾਂਸਪੋਰਟ ਸਭਾ ਲਿਮ: ਵਿਚ ਫ਼ੰਡਾਂ ਦੀ ਦੁਰਵਰਤੋਂ ਹੋਈ ਹੈ | ਇਸ ਰਿਪੋਰਟ ਦੇ ਆਧਾਰ 'ਤੇ ਸਹਾਇਕ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਨੇ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨੂੰ ਮੁਅੱਤਲ ਕਰ ਦਿੱਤਾ ਹੈ | ਬੈਂਸ ਨੇ ਕਿਹਾ ਕਿ ਜਿਸ ਤਰਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਸਾਫ਼ ਸੁਥਰਾ ਵਾਤਾਵਰਣ ਦੇਣ ਲਈ ਵਚਨਬੱਧ ਹੈ, ਉਸੇ ਤਰਾਂ ਅਸੀ ਹਰ ਖੇਤਰ ਵਿਚ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਕਿਤੇ ਵੀ ਕੋਈ ਅਜਿਹੀ ਬੇਨਿਯਮੀ ਜਾਂ ਫ਼ੰਡਾਂ ਦੀ ਦੁਰਵਰਤੋਂ ਨਾ ਹੋਵੇ ਜੋ ਆਮ ਲੋਕਾਂ ਦੇ ਹੱਕਾਂ ਤੇ ਦਿੱਤਾ ਤੇ ਸਿੱਧਾ ਡਾਕਾ ਹੋਵੇ | ਬੈਂਸ ਨੇ ਕਿਹਾ ਕਿ ਪੜਤਾਲ ਦੌਰਾਨ ਫ਼ੰਡਾਂ ਦੇ ਹੋਏ ਗ਼ਬਨ ਦੀ ਭਰਪਾਈ ਦੋਸ਼ੀਆਂ ਤੋ ਕੀਤੀ ਜਾਵੇਗੀ | ਇਸ ਦੀ ਪੜਤਾਲ ਲੋੜ ਪੈਣ ਤੇ ਵਿਜੀਲੈਂਸ ਤੋਂ ਕਾਰਵਾਈ ਕਰਵਾਈ ਜਾਵੇਗੀ | ਸਹਾਇਕ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਮੁਅੱਤਲ ਕੀਤੀ ਪ੍ਰਬੰਧਕ ਕਮੇਟੀ ਨੂੰ 15 ਦਿਨ ਦੇ ਅੰਦਰ ਆਪਣਾ ਜਵਾਬ ਦਾਖਲ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਹੈ |