ਬੇਲਾ, 30 ਜਨਵਰੀ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਮੇਰਾ ਯੁਵਾ ਭਾਰਤ, ਰੋਪੜ ਦੇ ਸਹਿਯੋਗ ਨਾਲ ਰਾਸ਼ਟਰੀ ਵੋਟਰ ਦਿਵਸ ਮੌਕੇ ਰੈਲੀ ਦਾ ਆਯੋਜਨ ਕੀਤਾ ਗਿਆ | ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਰਾਸ਼ਟਰੀ ਵੋਟਰ ਦਿਵਸ ਨੌਜਵਾਨ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਸੰਜੀਦਾ ਕਰਨ ਦਾ ਬਹੁਤ ਚੰਗਾ ਮੌਕਾ ਹੈ | ਉਨ੍ਹਾਂ ਕਿਹਾ ਵੋਟ ਦੀ ਸਹੀ ਵਰਤੋਂ ਪ੍ਰਤੀ ਜਨਤਾ ਨੂੰ ਜਾਗਰੂਕ ਕਰਨਾ ਉਚੇਰੀ ਵਿੱਦਿਅਕ ਸੰਸਥਾਵਾਂ ਦਾ ਫਰਜ਼ ਹੈ ਅਤੇ ਬੇਲਾ ਕਾਲਜ ਵਿਖੇ ਇਸ ਸੰਬੰਧੀ ਖਾਸ ਪ੍ਰੋਗਰਾਮ ਕਰਵਾਏ ਜਾਂਦੇ ਹਨ | ਇਸ ਮੌਕੇ ਪੋਸਟ ਗ੍ਰੈਜੂਏਟ ਹਿਊਮੈਨਟੀਜ਼ ਵਿਭਾਗ ਦੇ ਮੁਖੀ ਪ੍ਰੋ. ਸੁਨੀਤਾ ਰਾਣੀ ਦੀ ਅਗਵਾਈ ਅਧੀਨ ਰੈਲੀ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਅਨੇਕਾਂ ਵਿਦਿਆਰਥੀਆਂ ਨੇ ਹਿੱਸਾ ਲਿਆ | ਮੇਰਾ ਯੁਵਾ ਭਾਰਤ, ਰੋਪੜ ਵਲੋਂ ਅਵਿੰਦਰ ਸਿੰਘ ਰਾਜੂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਵਿਦਿਆਰਥੀਆਂ ਨੂੰ ਵੋਟ ਦੇ ਸਦਉਪਯੋਗ ਲਈ ਰਾਜਨੀਤੀ ਪ੍ਰਤੀ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ | ਉਨ੍ਹਾਂ ਕਿਹਾ ਕਿ ਵੋਟ ਸਹੀ ਰਾਸ਼ਟਰ ਨਿਰਮਾਣ ਵਿਚ ਬਿਹਤਰੀਨ ਹਿੱਸਾ ਪਾ ਸਕਣ ਦੇ ਸਮਰੱਥ ਹੈ | ਇਸ ਮੌਕੇ ਪਹਿਲੀ ਵਾਰ ਵੋਟ ਦਾ ਉਪਯੋਗ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਮੂਹ ਵਿਦਿਆਰਥੀਆਂ ਨੇ ਵੋਟ ਦੀ ਸਹੀ ਵਰਤੋਂ ਦੀ ਸਹੁੰ ਵੀ ਚੁੱਕੀ | ਇਸ ਮੌਕੇ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |