ਮੋਰਿੰਡਾ, 30 ਜਨਵਰੀ (ਪਿ੍ਤਪਾਲ ਸਿੰਘ)-ਸੀਨੀਅਰ ਸਿਟੀਜ਼ਨ ਕੌਂਸਲ ਮੋਰਿੰਡਾ ਵਲੋਂ ਪ੍ਰਧਾਨ ਅਮਰਜੀਤ ਸਿੰਘ ਕੰਗ ਦੀ ਅਗਵਾਈ ਵਿਚ ਤਹਿਸੀਲਦਾਰ ਮੋਰਿੰਡਾ ਸੁਰਿੰਦਰ ਪਾਲ ਸਿੰਘ ਪੰਨੂ ਨੂੰ ਮਿਲਿਆ ਅਤੇ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਅਤੇ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਤੂਰ ਨੇ ਦੱਸਿਆ ਕਿ ਬਸੰਤ ਪੰਚਮੀ ਤੋਂ ਪਹਿਲਾਂ ਅਤੇ ਬਾਅਦ ਵਿਚ, ਕਿਸ਼ੋਰ ਅਵਸਥਾ ਵਿਚ ਪਹੁੰਚੇ ਸਕੂਲੀ ਵਰਗ ਦੇ ਲੜਕਿਆਂ ਵਲੋਂ ਪਤੰਗਬਾਜ਼ੀ ਲਈ ਵਰਤੀ ਜਾਂਦੀ ਚਾਈਨਾ ਡੋਰ ਅਤੇ ਆਮ ਘੁੰਮ ਰਹੇ ਆਵਾਰਾ ਕੁੱਤਿਆਂ ਵਲੋਂ ਆਮ ਲੋਕਾਂ ਤੇ ਕੀਤੇ ਜਾ ਰਹੇ ਅਚਾਨਕ ਹਮਲਿਆਂ ਕਾਰਨ ਇਲਾਕਾ ਨਿਵਾਸੀਆਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਹਰ ਕੋਈ ਆਪਣੇ ਬੱਚਿਆਂ ਨੂੰ ਇਕੱਲੇ ਬਾਹਰ ਭੇਜਣ ਤੋਂ ਘਬਰਾਇਆ ਹੋਇਆ ਹੈ | ਕਿਉਂਕਿ ਚਾਇਨਾ ਡੋਰ ਨਾਲ ਅਨੇਕਾਂ ਕੀਮਤੀ ਜਾਨਾਂ ਜਾ ਚੁੱਕਿਆਂ ਹਨ ਇਸੇ ਤਰ੍ਹਾਂ ਆਵਾਰਾ ਕੁੱਤਿਆਂ ਵਲੋਂ ਕੱਟਣ ਦੀਆਂ ਰੋਜ਼ਾਨਾ ਹੀ ਘਟਨਾਵਾਂ ਵਾਪਰ ਰਹੀਆਂ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਚਾਈਨਾ ਡੋਰ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਆਵਾਰਾ ਕੁੱਤਿਆਂ ਖ਼ਿਲਾਫ਼ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ ਕੌਂਸਲ ਵਲੋਂ ਸਥਾਨਕ ਉਪ ਮੰਡਲ ਅਫ਼ਸਰ ਗੁਰਦੇਵ ਸਿੰਘ ਧਾਮ, ਕਾਰਜਸਾਧਕ ਅਫ਼ਸਰ ਰਵੀ ਜਿੰਦਲ, ਡਿਪਟੀ ਸੁਪਰਡੈਂਟ ਪੁਲੀਸ ਗੁਰਜੀਤ ਸਿੰਘ (ਪੀ.ਪੀ.ਐੱਸ.), ਅਤੇ ਮਿਉਂਸਪਲ ਕਮੇਟੀ ਦੇ ਪ੍ਰਧਾਨ ਜਗਦੇਵ ਸਿੰਘ ਬਿੱਟੂ ਨੂੰ ਮਿਲ ਕੇ ਉਪਰੋਕਤ ਸਮਾਜਿਕ ਕੁਰੀਤੀਆਂ ਸਬੰਧੀ ਬਣਦੀ ਕਾਰਵਾਈ ਕਰਨ ਲਈ ਬੇਨਤੀ ਪੱਤਰ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸਾਰੇ ਅਧਿਕਾਰੀਆਂ ਵਲੋਂ ਕੌਂਸਲ ਵਫ਼ਦ ਦੇ ਮੈਂਬਰਾਂ ਨੂੰ ਜਿੱਥੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ, ਉੱਥੇ ਬੱਚਿਆਂ ਦੇ ਮਾਪਿਆਂ ਵਲੋਂ ਇਹਨਾਂ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਹਰ ਤਰਾਂ ਦੇ ਸਹਿਯੋਗ ਦਾ ਵਿਸ਼ਵਾਸ ਦਵਾਇਆ ਹੈ | ਇਸ ਮੌਕੇ ਦਵਿੰਦਰ ਸਿੰਘ ਧਾਲੀਵਾਲ, ਕਰਨਲ ਮਲਕੀਤ ਸਿੰਘ, ਚਰਨਜੀਤ ਸਿੰਘ ਕਲਸੀ, ਪ੍ਰਮਾਤਮਾ ਸਿੰਘ ਢੀਂਡਸਾ, ਹਰਵਿੰਦਰ ਸਿੰਘ ਸਿੱਧੂ, ਹਰਮੀਤ ਸਿੰਘ ਬਾਠ ਤੇ ਜਗਦੀਸ਼ ਕੁਮਾਰ ਵਰਮਾ ਆਦਿ ਹਾਜ਼ਰ ਸਨ |