ਸ੍ਰੀ ਅਨੰਦਪੁਰ ਸਾਹਿਬ, 1 ਫਰਵਰੀ (ਕਰਨੈਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਮੀਤ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕੇਂਦਰੀ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਇਹ ਬਜਟ ਪੰਜਾਬ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਬਰਾਬਰ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਅਨਾਜ ਸੁਰੱਖਿਆ ਦੀ ਰੀੜ੍ਹ ਬਣੇ ਪੰਜਾਬ ਨੂੰ ਇਸ ਬਜਟ ਵਿਚ ਮੁੜ ਅਣਡਿੱਠਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਜਾਮਾ ਪਹਿਨਾਉਣ ਬਾਰੇ ਕੋਈ ਸਪਸ਼ਟ ਰੂਪ-ਰੇਖਾ ਨਹੀਂ ਦਿੱਤੀ ਗਈ ਅਤੇ ਨਾ ਹੀ ਵਧ ਰਹੀਆਂ ਖੇਤੀਬਾੜੀ ਲਾਗਤਾਂ ਤੋਂ ਰਾਹਤ ਲਈ ਕੋਈ ਠੋਸ ਉਪਾਅ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਕਰਜ਼ੇ ਹੇਠ ਦੱਬੇ ਪੰਜਾਬ ਲਈ ਕਿਸੇ ਵੀ ਕਿਸਮ ਦਾ ਵਿਸ਼ੇਸ਼ ਆਰਥਿਕ ਪੈਕੇਜ ਨਾ ਦੇਣਾ ਕੇਂਦਰ ਦੀ ਨਕਾਰਾਤਮਿਕ ਸੋਚ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਰਾਜਾਂ ਦੇ ਹਿੱਸੇ ਦੀ ਆਮਦਨ ਵਿਚ ਵਾਧਾ ਕੀਤੇ ਬਿਨਾਂ ਕੇਂਦਰ ਵਲੋਂ ਬਣਾਈਆਂ ਯੋਜਨਾਵਾਂ ਥੋਪ ਕੇ ਸੰਘੀ ਢਾਂਚੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ, ਜਿਸ ਨਾਲ ਰਾਜਾਂ ਦੀ ਖ਼ੁਦਮੁਖ਼ਤਿਆਰੀ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ | ਭਾਈ ਚਾਵਲਾ ਨੇ ਅਫ਼ਸੋਸ ਜਤਾਇਆ ਕਿ ਦਲਿਤ ਭਾਈਚਾਰੇ, ਖ਼ਾਸ ਕਰਕੇ ਜ਼ਮੀਨ ਹੀਣ ਖੇਤੀ ਮਜ਼ਦੂਰਾਂ ਲਈ ਬਜਟ ਵਿਚ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਗਏ | ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਹੁਨਰ ਵਿਕਾਸ ਵਰਗੇ ਮੁੱਖ ਮਸਲਿਆਂ 'ਤੇ ਕੇਂਦਰ ਦੀ ਖਾਮੋਸ਼ੀ ਨਿਰਾਸ਼ਾਜਨਕ ਹੈ | ਉਨ੍ਹਾਂ ਕਿਹਾ ਕਿ ਇਹ ਬਜਟ ਨਾ ਤਾਂ ਆਮ ਆਦਮੀ ਨੂੰ ਮਹਿੰਗਾਈ ਤੋਂ ਰਾਹਤ ਦਿੰਦਾ ਹੈ ਤੇ ਨਾ ਹੀ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿਚ ਸਹਾਇਕ ਹੈ | ਅੰਤ ਵਿਚ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਇੱਕ ਪਾਸੇ ਤਾਂ ਬੀਜੇਪੀ ਦੀ ਸਰਕਾਰ ਪੰਜਾਬ ਵਿਚ ਆਪਣੀਆਂ ਜੜ੍ਹਾਂ ਲਾਉਣ ਲਈ ਯਤਨਸ਼ੀਲ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਹਿਤਾਂ ਨੂੰ ਪੂਰੀ ਤਰ੍ਹਾਂ ਨਾਲ ਅਣਗੋਲਿਆਂ ਕੀਤਾ ਜਾ ਹੈ | ਇਹ ਬਜਟ ਪੰਜਾਬ ਨਾਲ ਮਤਰੇਈ ਮਾਂ ਵਾਲੇ ਸਲੂਕ ਨੂੰ ਜੱਗ ਜਾਹਿਰ ਕਰਦਾ ਹੈ ਤੇ ਉਹ ਇਸ ਬਜਟ ਦੀ ਸਖ਼ਤ ਸ਼ਬਦਾਂ