ਮਾਮਲਾ ਹਿਮਾਚਲ ਦੀ ਕਾਂਗਰਸ ਸਰਕਾਰ ਵਲੋਂ ਵਧਾਏ ਗਏ ਐਂਟਰੀ ਟੈਕਸ ਦਾ
ਅਜੀਤ ਡੈਸਕ
22-02-2026
ਨੰਗਲ, 21 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵਲੋਂ ਹਿਮਾਚਲ ਐਂਟਰੀ ਟੈਕਸ ਵਿਚ ਭਾਰੀ ਵਾਧੇ ਖਿਲਾਫ ਅੱਜ ਊਨਾ ਸਦਰ ਤੋਂ ਭਾਜਪਾ ਵਿਧਾਇਕ ਸਤਪਾਲ ਸਿੰਘ ਸੱਤੀ ਦੀ ਅਗਵਾਈ ਹੇਠ ਸਰਹੱਦੀ ਕਸਬੇ ਮਹਿਤਪੁਰ ਦੇ ਟੋਲ ਬੈਰੀਅਰ ਉੱਤੇ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਪਾਰਟੀ ਵਰਕਰਾਂ ਨੇ ਹਿਮਾਚਲ ਪਰ ਦੇਸ਼ ਦੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸਤਪਾਲ ਸਿੰਘ ਸੱਤੀ ਨੇ ਕਿਹਾ ਕਿ ਜਦੋਂ ਤੋਂ ਹਿਮਾਚਲ ਪ੍ਰਦੇਸ਼ ਵਿਚ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਸੱਤਾ ਵਿਚ ਆਈ ਹੈ, ਇਹ ਹਰ ਤਰ੍ਹਾਂ ਦੇ ਟੈਕਸ ਵਧਾ ਰਹੀ ਹੈ, ਜਿਸ ਨਾਲ ਨਾ ਸਿਰਫ਼ ਸੂਬਾ ਸਰਕਾਰ ਸਗੋਂ ਗੁਆਂਢੀ ਰਾਜਾਂ ਦੇ ਲੋਕਾਂ ਨੂੰ ਵੀ ਵਿੱਤੀ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ-ਹਿਮਾਚਲ ਸਰਹੱਦ 'ਤੇ ਹਿਮਾਚਲ ਦੇ ਟੋਲ ਟੈਕਸ ਦਰਾਂ ਵਿਚ ਭਾਰੀ ਵਾਧੇ ਨੇ ਦੂਜੇ ਰਾਜਾਂ ਤੋਂ ਆਉਣ ਵਾਲੇ ਡਰਾਈਵਰਾਂ ਦਾ ਲੱਕ ਤੋੜ ਦਿੱਤਾ ਹੈ, ਜਿਸ ਦੀਆਂ ਦਰਾਂ ਦੋ ਤੋਂ ਤਿੰਨ ਗੁਣਾ ਵੱਧ ਗਈਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ-ਹਿਮਾਚਲ ਸਰਹੱਦ 'ਤੇ ਸੂਬੇ ਭਰ ਵਿਚ 33 ਟੋਲ ਟੈਕਸ ਪੁਆਇੰਟ ਹਨ, ਅਤੇ 11 ਇਕੱਲੇ ਊਨਾ ਜ਼ਿਲ੍ਹੇ ਵਿੱਚ ਹਨ | ਨੰਗਲ ਤੋਂ ਮਹਿਤਪੁਰ, ਊਨਾ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਹੁਣ 170 ਰੁਪਏ ਟੋਲ ਦੇ ਤੌਰ 'ਤੇ ਅਦਾ ਕਰਨੇ ਪੈਣਗੇ, ਜਦੋਂ ਕਿ ਪਹਿਲਾਂ ਇਹ ਦਰ 40 ਰੁਪਏ ਹੁੰਦੀ ਸੀ, ਜਿਸ ਨੂੰ ਵਧਾ ਕੇ 70 ਰੁਪਏ ਕਰ ਦਿੱਤਾ ਗਿਆ ਹੈ ਅਤੇ ਹੁਣ ਤਿੰਨ ਦਿਨ ਪਹਿਲਾਂ 170 ਕਰ ਦਿੱਤੀ ਗਈ ਹੈ, ਜੋ ਕਿ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਲਈ ਇੱਕ ਝਟਕਾ ਹੈ | ਉਨ੍ਹਾਂ ਕਿਹਾ ਕਿ ਹਿਮਾਚਲ ਵਿਚ ਵੀ ਕੁਝ ਪਿੰਡ ਹਨ ਜਿਨਾਂ ਕੋਲ ਪੰਜਾਬ ਰਜਿਸਟਰੇਸ਼ਨ ਨੰਬਰਾਂ ਵਾਲੇ ਵਾਹਨ ਹਨ, ਤਾਂ ਉਨ੍ਹਾਂ ਨੂੰ ਵੀ ਟੋਲ ਦੇਣਾ ਪਵੇਗਾ | ਹਿਮਾਚਲ ਸਰਕਾਰ ਤੋਂ ਭਾਰੀ ਟੋਲ ਟੈਕਸ ਵਾਧੇ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ, ਸੱਤੀ ਨੇ ਕਿਹਾ ਕਿ ਨਹੀਂ ਤਾਂ, ਇਹ ਮੁੱਦਾ ਹਿਮਾਚਲ ਵਿਧਾਨ ਸਭਾ ਵਿਚ ਉਠਾਇਆ ਜਾਵੇਗਾ | ਇਸ ਮੌਕੇ ਉਨਾਂ ਨਾਲ ਸੁਭਾਸ਼ ਐਰੀ, ਰਾਕੇਸ਼ ਪੰਮੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ1