ਰੂਪਨਗਰ, 6 ਮਾਰਚ (ਸਤਨਾਮ ਸਿੰਘ ਸੱਤੀ)-ਸੀਨੀਅਰ ਸਿਟੀਜਨਜ਼ ਕੌਂਸਲ (ਰਜਿ.) ਰੂਪਨਗਰ ਨੇ ਵਿਸ਼ਵ ਮਹਿਲਾ ਦਿਵਸ ਮਨਾਇਆ | ਮਹੀਨਾਵਾਰ ਮੀਟਿੰਗ ਦੌਰਾਨ ਮਨਾਏ ਗਏ ਇਸ ਦਿਹਾੜੇ ਦੌਰਾਨ ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਸ਼ਬਦ ਨਾਲ ਹੋਈ ਤੇ ਸ਼ਹਿਰ ਨਾਲ ਸਬੰਧਤ ਵਿਛੜੀਆਂ ਰੂਹਾਂ ਕੌਂਸਲਰ ਪੋਮੀ ਸੋਨੀ, ਸੰਤੋਸ਼ ਕੌਰ ਸਤਿਆਲ ਤੇ ਪੱਛਮੀ ਏਸ਼ੀਆ ਵਿਚ ਜੰਗ ਦੌਰਾਨ ਮਾਰੇ ਗਏ ਬੇਕਸੂਰ ਲੋਕਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ | ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਕਾਰਜਕਾਰਨੀ ਮੈਂਬਰਾਂ ਤੇ ਹਾਜ਼ਰ ਮੈਂਬਰਾਂ ਨੂੰ ਸੀਨੀਅਰ ਸਿਟੀਜਨ ਸਮਾਰਟ ਪਹਿਚਾਣ ਪੱਤਰ ਵੀ ਵੰਡੇ | ਇਸ ਮੌਕੇ ਵਿਸ਼ੇਸ਼ ਮਹਿਮਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅੰਮਿ੍ਤ ਬਾਲਾ ਨੇ ਬਜ਼ੁਰਗਾਂ ਲਈ ਚਲ ਰਹੀਆਂ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ | ਐਡਵੋਕੇਟ ਮੁਨੀਸ਼ ਅਹੂਜਾ ਨੇ ਸੀਨੀਅਰ ਸਿਟੀਜਨਾਂ ਲਈ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਦੱਸਿਆ ਤੇ ਯੂਕੋ ਬੈਂਕ ਦੇ ਐਲ. ਡੀ. ਐਮ. ਪਰਫੁਲ ਸੇਥੀਆ ਨੇ ਬੈਂਕ ਯੋਜਨਾਵਾਂ ਅਤੇ ਇੰਸ਼ੋਰੈਂਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ | ਮਹਿਲਾ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਮੈਡਮ ਨਿਸ਼ਾ ਚੱਢਾ ਵਲੋਂ ਪਿ੍ੰਸੀਪਲ ਸੰਦੀਪ ਕੌਰ, ਲੈਕਚਰਰ ਹਰਪ੍ਰੀਤ ਕੌਰ, ਪਰਮਿੰਦਰ ਕੌਰ ਪੰਦੋਹਾਲ, ਦਲਵੀਰ ਕੌਰ ਚੀਮਾ, ਭਗਵੰਤ ਕੌਰ ਤੇ ਊਸ਼ਾ ਟੰਡਨ ਨੂੰ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਇੰਜੀਨੀਅਰ ਦੀਦਾਰ ਸਿੰਘ, ਗੁਰਨਾਮ ਸਿੰਘ ਧਾਮੀ ਅਤੇ ਸੁਰੇਸ਼ ਚੰਦਰ ਨੂੰ ਕੌਂਸਲ ਵਿਚ ਵਧੀਆ ਕਾਰਗੁਜ਼ਾਰੀ ਲਈ ਸਨਮਾਨ ਮਿਲਿਆ | ਇਸ ਮੌਕੇ ਸ੍ਰੀਮਤੀ ਭਗਵੰਤ ਕੌਰ, ਦਲਵੀਰ ਕੌਰ ਚੀਮਾ, ਪਰਮਿੰਦਰ ਕੌਰ ਪੰਦੋਹਾਲ, ਪੈਟਰਨ ਸੁਰਜਨ ਸਿੰਘ, ਸੁਰਿੰਦਰ ਸਿੰਘ ਨੰਗਲ, ਮੋਹਨ ਸਿੰਘ ਪਪਰਾਲਾ, ਡਾ. ਅਜਮੇਰ ਸਿੰਘ, ਸੁੱਚਾ ਸਿੰਘ ਅੰਧਰੇੜਾ, ਕੇਹਰ ਸਿੰਘ ਤੇ ਗੁਰਨਾਮ ਸਿੰਘ ਧਾਮੀ ਨੇ ਮਹਿਲਾਵਾਂ ਨਾਲ ਸਬੰਧਤ ਰਚਨਾਵਾਂ ਅਤੇ ਵਿਚਾਰ ਸਾਂਝੇ ਕੀਤੇ | ਅੰਤ 'ਚ ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਮੁੱਖ ਮਹਿਮਾਨ ਅਤੇ ਵੱਡੀ ਗਿਣਤੀ ਵਿਚ ਪਹੁੰਚੀਆਂ ਮਹਿਲਾਵਾਂ ਦਾ ਧੰਨਵਾਦ ਕੀਤਾ ਤੇ ਕੌਂਸਲ ਮੈਂਬਰਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਲਈ ਪ੍ਰੇਰਿਤ ਕੀਤਾ | ਇਸ ਮੌਕੇ ਨਵੇਂ ਬਣਨ ਵਾਲੇ ਸੀਨੀਅਰ ਸਿਟੀਜਨ ਕੰਪਲੈਕਸ ਸੰਬੰਧੀ ਵਿਧਾਇਕ ਦਿਨੇਸ਼ ਚੱਢਾ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ ਗਈ | ਪ੍ਰੋਗਰਾਮ ਦੌਰਾਨ ਸਟੇਜ਼ ਸਕੱਤਰ ਦੀ ਭੂਮਿਕਾ ਪਰਮਿੰਦਰ ਕੌਰ ਪੰਦੋਹਾਲ ਨੇ ਨਿਭਾਈ | ਇਸ ਮੌਕੇ ਸੂਚਨਾ ਕੌਂਸਲ ਦੇ ਅਗਜੈਕਟਿਵ ਮੈਂਬਰ ਕਮ ਐਡੀਟਰ ਇੰਜੀਨੀਅਰ ਦੀਦਾਰ ਸਿੰਘ ਵੀ ਹਾਜ਼ਰ ਸਨ |