ਨੂਰਪੁਰ ਬੇਦੀ, 6 ਮਾਰਚ (ਵਿੰਦਰਪਾਲ ਝਾਂਡੀਆਂ)-ਟੀ.ਬੀ. ਮੁਕਤ ਪੰਜਾਬ ਮੁਹਿੰਮ ਤਹਿਤ ਸਰਕਾਰੀ ਹਸਪਤਾਲ ਸਿੰਘਪੁਰ ਨੂਰਪੁਰ ਬੇਦੀ ਵਿਖੇ ਮੁਫ਼ਤ ਟੀ.ਬੀ. ਜਾਂਚ ਕੈਂਪ ਲਗਾਇਆ ਗਿਆ | ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਪ੍ਰੀਤ ਕੌਰ ਦੀ ਅਗਵਾਈ 'ਚ ਲਗਾਏ ਗਏ ਇਸ ਕੈਂਪ ਦੌਰਾਨ ਕਾਫੀ ਗਿਣਤੀ 'ਚ ਲੋਕਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾ ਕੇ ਇਸਦਾ ਲਾਭ ਲਿਆ | ਇਸ ਕੈਂਪ ਲਈ ਸਿਹਤ ਵਿਭਾਗ ਵਲੋਂ ਮੋਬਾਈਲ ਮੈਡੀਕਲ ਵੈਨ ਭੇਜੀ ਗਈ ਸੀ, ਜਿਸ ਵਿਚ ਆਧੁਨਿਕ ਐਕਸਰੇ ਮਸ਼ੀਨ, ਥੁੱਕ ਦੀ ਜਾਂਚ ਲਈ ਖਾਸ ਟੈਸਟਿੰਗ ਮਸ਼ੀਨ ਅਤੇ ਹੋਰ ਲੋੜੀਂਦੇ ਤਕਨੀਕੀ ਉਪਕਰਨ ਉਪਲਬਧ ਕਰਵਾਏ ਗਏ ਸਨ | ਸਿਹਤ ਵਿਭਾਗ ਦੇ ਮਾਹਿਰਾਂ ਵਲੋਂ ਮਰੀਜ਼ਾਂ ਦੀ ਵਿਸਥਾਰਪੂਰਵਕ ਸਕ੍ਰੀਨਿੰਗ ਕੀਤੀ ਗਈ ਤਾਂ ਜੋ ਟੀ.ਬੀ. ਦੇ ਸੰਭਾਵਿਤ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਇਆ ਜਾ ਸਕੇ | ਸੀਨੀਅਰ ਮੈਡੀਕਲ ਅਫ਼ਸਰ ਡਾ: ਹਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਟੀ.ਬੀ. ਦੇ ਮਰੀਜ਼ਾਂ ਲਈ ਪੂਰਾ ਇਲਾਜ ਅਤੇ ਦਵਾਈਆਂ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਮਰੀਜ਼ਾਂ ਨੂੰ ਪੋਸ਼ਣ ਲਈ ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ ਹੈ, ਤਾਂ ਜੋ ਉਹ ਜਲਦੀ ਸਿਹਤਮੰਦ ਹੋ ਸਕਣ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਟੀ.ਬੀ. ਨੂੰ ਲੁਕਾਉਣ ਦੀ ਬਜਾਏ ਇਸ ਰੋਗ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਕਰਵਾਇਆ ਜਾਵੇ, ਕਿਉਂਕਿ ਸਮੇਂ 'ਤੇ ਇਲਾਜ ਨਾਲ ਇਹ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਵਿਭਾਗ ਦਾ ਮਕਸਦ ਟੀ.ਬੀ. ਨੂੰ ਜੜ੍ਹ ਤੋਂ ਖਤਮ ਕਰਕੇ ਪੰਜਾਬ ਨੂੰ ਟੀ.ਬੀ. ਮੁਕਤ ਬਣਾਉਣਾ ਹੈ | ਇਸ ਮੌਕੇ ਡਾ. ਰਣਬੀਰ ਸਿੰਘ, ਹਰਿੰਦਰਪਾਲ ਸਿੰਘ ਅਬਿਆਣਾ, ਸੁਮਨ ਬਾਲਾ, ਟੇਕ ਚੰਦ, ਸੁਰਜੀਤ ਕੁਮਾਰ ਹਾਜ਼ਰ ਸਨ |