ਰੂਪਨਗਰ, 11 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)-ਰਿਆਤ ਬਾਹਰਾ ਯੂਨੀਵਰਸਿਟੀ ਵਲੋਂ ਮਹਿਲਾਵਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਲਈ ਵੱਕਾਰੀ ''ਨਾਰੀ ਸ਼ਕਤੀ ਸਨਮਾਨ ਸਮਾਰੋਹ'' ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ਵਿਚ ਉੱਤਮ ਪ੍ਰਦਰਸ਼ਨ ਕਰਦਿਆਂ ਆਪਣੀ ਮਿਹਨਤ, ਦਿ੍ੜਤਾ ਅਤੇ ਲਗਨ ਨਾਲ ਦੇਸ਼ ਦਾ ਮਾਣ ਵਧਾਇਆ ਹੈ | ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਸਨਮਾਨਿਤ ਹੋਣ ਵਾਲੀਆਂ ਮਹਿਲਾਵਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਪ੍ਰਗਟਾਇਆ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆਪਣੀਆਂ ਧੀਆਂ ਦੀਆਂ ਕਾਮਯਾਬੀਆਂ 'ਤੇ ਗੌਰਵ ਮਹਿਸੂਸ ਕਰਦੀ ਹੈ, ਜਿਨ੍ਹਾਂ ਨੇ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਬਹੁਤ ਹੀ ਮੁਕਾਬਲੇ ਵਾਲੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਦੀ ਪ੍ਰੀਖਿਆ ਪਾਸ ਕਰਕੇ ਰਾਸ਼ਟਰੀ ਪੱਧਰ 'ਤੇ ਮਾਨਤਾ ਹਾਸਲ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਸਫਲਤਾ ਅਨੁਸ਼ਾਸਨ, ਲਗਨ ਅਤੇ ਉੱਤਮਤਾ ਪ੍ਰਤੀ ਦਿ੍ੜ ਵਚਨਬੱਧਤਾ ਦਾ ਪ੍ਰਤੀਕ ਹੈ | ਸਮਾਰੋਹ ਦੇ ਮੁੱਖ ਮਹਿਮਾਨ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਵੀ ਸਨਮਾਨਿਤ ਮਹਿਲਾਵਾਂ ਦੀ ਹਿੰਮਤ, ਇਮਾਨਦਾਰੀ ਅਤੇ ਕੇਂਦਿ੍ਤ ਸੋਚ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਯੂ.ਪੀ.ਐਸ.ਸੀ. ਵਰਗੀ ਮੁਕਾਬਲੇ ਵਾਲੀ ਪ੍ਰੀਖਿਆ ਵਿਚ ਸਫਲਤਾ ਹਾਸਲ ਕਰਨਾ ਬਹੁਤ ਵੱਡੀ ਉਪਲਬਧੀ ਹੈ ਅਤੇ ਜਦੋਂ ਇਹ ਪ੍ਰਤਿਭਾਸ਼ਾਲੀ ਮਹਿਲਾਵਾਂ ਸਮਾਜ ਦੇ ਵਿਕਾਸ ਅਤੇ ਉੱਨਤੀ ਵਿਚ ਯੋਗਦਾਨ ਪਾਉਣਗੀਆਂ ਤਾਂ ਦੇਸ਼ ਹੋਰ ਵੀ ਮਾਣ ਮਹਿਸੂਸ ਕਰੇਗਾ | ਇਸ ਮੌਕੇ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਵੀ ਪੁਰਸਕਾਰ ਜੇਤੂਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਪ੍ਰਤੀ ਸਮਰਪਿਤ ਰਹਿਣ ਲਈ ਪ੍ਰੇਰਿਤ ਕੀਤਾ | ਸਨਮਾਨਿਤ ਹੋਣ ਵਾਲਿਆਂ 'ਚੋਂ ਰਾਖੀ ਚੌਧਰੀ (ਯੂ.ਪੀ.ਐਸ.ਸੀ.) ਨੇ ਆਪਣੀ ਪ੍ਰੇਰਨਾਦਾਇਕ ਯਾਤਰਾ ਸਾਂਝੀ ਕਰਦਿਆਂ ਨਿੱਜੀ ਅਤੇ ਪੇਸ਼ੇਵਰ ਜ਼ਿੰਮੇਵਾਰੀਆਂ ਨੂੰ ਸੰਤੁਲਿਤ ਕਰਨ ਵਿਚ ਪਰਿਵਾਰਕ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਕਿ੍ਤਿਕਾ ਚੌਧਰੀ (ਯੂ.ਪੀ.ਐਸ.ਸੀ.) ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਦੌਰਾਨ ਇਕਸਾਰਤਾ ਅਤੇ ਮੌਜੂਦਾ ਮਾਮਲਿਆਂ ਨਾਲ ਅਪਡੇਟ ਰਹਿਣ ਦੀ ਲੋੜ 'ਤੇ ਚਾਨਣਾ ਪਾਇਆ, ਜਦਕਿ ਚਾਰਟਰਡ ਅਕਾਊਾਟੈਂਟ ਜੈਸਿਕਾ ਨੇ ਉਮੀਦਵਾਰਾਂ ਨੂੰ ਤਿਆਰੀ ਦੌਰਾਨ ਅਨੁਸ਼ਾਸਨ ਅਤੇ ਕੇਂਦਿ੍ਤਤਾ ਬਣਾਈ ਰੱਖਣ ਦੀ ਪ੍ਰੇਰਣਾ ਦਿੱਤੀ | ਇਸ ਮੌਕੇ ਆਸ਼ ਮਾਰਵਾਹਾ (ਫੈਸ਼ਪਿ੍ਜ਼ਮ ਮਿਸ ਇੰਡੀਆ) ਨੇ ਵੀ ਸੀਮਿਤ ਸਾਧਨਾਂ ਦੇ ਬਾਵਜੂਦ ਚੁਣੌਤੀਆਂ 'ਤੇ ਕਾਬੂ ਪਾਉਣ ਦੀ ਆਪਣੀ ਪ੍ਰੇਰਨਾਦਾਇਕ ਕਹਾਣੀ ਸਾਂਝੀ ਕੀਤੀ | ਸਮਾਰੋਹ ਦੇ ਅੰਤ 'ਚ ਡੀਨ ਸਟੂਡੈਂਟ ਵੈਲਫੇਅਰ ਸਿਮਰਜੀਤ ਕੌਰ ਵਲੋਂ ਧੰਨਵਾਦ ਪ੍ਰਗਟ ਕੀਤਾ ਗਿਆ | ਇਸ ਦੌਰਾਨ ਮਹਿਲਾ ਉਪਲਬਧੀ ਹਾਸਲ ਕਰਨ ਵਾਲੀਆਂ ਨੂੰ ਸਨਮਾਨ ਚਿੰਨਾਂ ਨਾਲ ਨਿਵਾਜਿਆ ਗਿਆ |