ਰੂਪਨਗਰ, 28 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)-ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਸਰਕਾਰੀ ਬਹੁਤਕਨੀਕੀ ਕਾਲਜ ਰੂਪਨਗਰ ਦਾ ਦੌਰਾ ਕੀਤਾ | ਇਸ ਦੌਰੇ ਦੌਰਾਨ ਪਿ੍ੰਸੀਪਲ ਡਾ. ਨਵਨੀਤ ਵਾਲੀਆ ਨੇ ਕਾਲਜ ਵਿਚ ਚੱਲ ਰਹੀਆਂ ਅਕਾਦਮਿਕ ਗਤੀਵਿਧੀਆਂ ਅਤੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਕਾਲਜ ਵਿਚ ਇਸ ਸਮੇਂ ਇੰਜੀਨੀਅਰਿੰਗ ਦੇ ਛੇ ਤਿੰਨ ਸਾਲਾ ਡਿਪਲੋਮਾ ਕੋਰਸ ਚੱਲ ਰਹੇ ਹਨ, ਜਿਨ੍ਹਾਂ ਵਿਚ ਇਲੈਕਟਿ੍ਕਲ ਇੰਜੀਨੀਅਰਿੰਗ, ਕੈਮਿਕਲ ਇੰਜੀਨੀਅਰਿੰਗ, ਮਕੈਨਿਕਲ ਇੰਜੀਨੀਅਰਿੰਗ, ਕੰਪਿਊਟਰ ਇੰਜੀਨੀਅਰਿੰਗ, ਇਲੈਕਟਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਅਤੇ ਇਨਫੋਰਮੇਸ਼ਨ ਟੈਕਨਾਲੋਜੀ ਸ਼ਾਮਿਲ ਹਨ | ਇਸ ਤੋਂ ਇਲਾਵਾ ਕਾਲਜ ਵਿਚ ਡਿਪਲੋਮਾ ਇਨ ਫਾਰਮੇਸੀ ਦਾ ਕੋਰਸ ਵੀ ਚੱਲ ਰਿਹਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਕਾਲਜ ਵਿਚ ਇਸ ਵੇਲੇ 40 ਵਿਦਿਆਰਥੀਆਂ ਲਈ ਟੈਲੀ ਪ੍ਰਾਈਮ ਕੋਰਸ ਚੱਲ ਰਿਹਾ ਹੈ, ਜੋ ਟੋਪਪਨ ਮਲਟੀ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਿਟੇਡ ਵਲੋਂ ਸਪਾਂਸਰ ਕੀਤਾ ਗਿਆ ਹੈ | ਇਸ ਤੋਂ ਇਲਾਵਾ ਕੰਪਨੀ ਵਲੋਂ 160 ਵਿਦਿਆਰਥੀਆਂ ਲਈ ਟੈਲੀ ਕੋਰਸ (ਲਗਭਗ 25,000 ਰੁਪਏ ਪ੍ਰਤੀ ਵਿਦਿਆਰਥੀ) ਅਤੇ 50 ਵਿਦਿਆਰਥੀਆਂ ਲਈ ਪੋਲਿਮਰ ਕੋਰਸ (ਲਗਭਗ 45,000 ਰੁਪਏ ਪ੍ਰਤੀ ਵਿਦਿਆਰਥੀ), ਜੋ ਕਿ ਸੈਂਟਰਲ ਇੰਸਟੀਚਿਊਟ ਆਫ ਪੈਟਰੋਕੈਮਿਕਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਕਰਵਾਇਆ ਜਾਵੇਗਾ, ਲਈ ਵੀ ਸਪਾਂਸਰਸ਼ਿਪ ਕੀਤੀ ਗਈ ਹੈ | ਇਨ੍ਹਾਂ ਕੋਰਸਾਂ ਦੌਰਾਨ ਵਿਦਿਆਰਥੀਆਂ ਦੀ ਰਹਿਣ-ਸਹਿਣ ਅਤੇ ਖਾਣ-ਪੀਣ ਸਮੇਤ ਸਾਰੇ ਖਰਚੇ ਕੰਪਨੀ ਵਲੋਂ ਉਠਾਏ ਜਾਣਗੇ | ਪਿ੍ੰਸੀਪਲ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਕਾਲਜ ਵਲੋਂ ਜੈਕੁਆਰ ਗਰੁੱਪ ਨਾਲ ਸੰਪਰਕ ਕੀਤਾ ਗਿਆ ਹੈ, ਤਾਂ ਜੋ ਕਾਲਜ ਵਿਚ ਪਲੰਬਿੰਗ ਵਰਕਸਟੇਸ਼ਨ ਸਥਾਪਿਤ ਕਰਕੇ ਪਲੰਬਿੰਗ ਕੋਰਸ ਵੀ ਸ਼ੁਰੂ ਕੀਤਾ ਜਾ ਸਕੇ | ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਬਹੁਤਕਨੀਕੀ ਕਾਲਜ ਰੂਪਨਗਰ ਵਿਚ ਚੱਲ ਰਹੇ ਸਕਿੱਲ ਅਤੇ ਰੋਜ਼ਗਾਰ ਮੁਖੀ ਕੋਰਸਾਂ ਦਾ ਵੱਧ ਤੋਂ ਵੱਧ ਲਾਭ ਲੈਣ | ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਸਰਕਾਰੀ ਬਹੁਤਕਨੀਕੀ ਕਾਲਜ ਰੋਪੜ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ | ਵਿਧਾਇਕ ਚੱਢਾ ਨੇ ਕਿਹਾ ਕਿ ਅੱਜ ਹਲਕੇ ਵਿਚ ਇਸ ਆਮ ਆਦਮੀ ਕਲੀਨਿਕ ਦਾ ਉਦਘਾਟਨ ਲੋਕਾਂ ਲਈ ਇੱਕ ਵੱਡਾ ਤੋਹਫ਼ਾ ਹੈ |